ਤਾਂ ਕਿ ਸਨਦ ਰਹੇ

ਬਖ਼ਸ਼ਿੰਦਰ ਦੀ ਨਾਟ ਪੁਸਤਕ
‘ਸਭ ਤੋਂ ਗੰਦੀ ਗਾਲ਼’
‘ਸਭ ਤੋਂ ਗੰਦੀ ਗਾਲ਼’, ਬਖ਼ਸ਼ਿੰਦਰ ਦੀਆਂ ਚਾਰ ਨਾਟ ਰਚਨਾਵਾਂ ਦਾ ਸੰਗ੍ਰਹਿ ਹੈ, ਜਿਸ ਨੂੰ ਭਿੰਨ-ਭਿੰਨ ਕਿਸਮਾਂ ਦੇ ਚਾਰ ਨਾਟਕ ਕਹਿ ਕੇ ਪ੍ਰਕਾਸ਼ਿਤ ਕੀਤਾ ਗਿਆ ਹੈ। ਸੰਗ੍ਰਹਿ ਵਿਚ ਦੋ ਰੇਡੀਓ ਨਾਟਕ-‘ਸਭ ਤੋਂ ਗੰਦੀ ਗਾਲ਼’ ਅਤੇ ‘ਇਸ਼ਤਿਹਾਰ’ ਹਨ। ਤੀਸਰੀ ਰਚਨਾ ‘ਹੋ ਸਕਦਾ ਹੈ’ ਇਕ ਟੈਲੀ ਫ਼ਿਲਮ ਹੈ। ਇਨ੍ਹਾਂ ਤੋਂ ਇਲਾਵਾ ਸੰਗ੍ਰਹਿ ਵਿਚ ਇਕ ਮੰਚ ਨਾਟਕ ‘ਸਾਈਂ ਦਾ ਟਿੱਲਾ’ ਵੀ ਸ਼ਾਮਿਲ ਕੀਤਾ ਗਿਆ ਹੈ। ਪੰਜਾਬੀ ਵਿਚ ਆਮ ਕਰ ਕੇ ਰੇਡੀਓ ਅਤੇ ਟੈਲੀ ਨਾਟਕ ਛਾਪਣ ਦੀ ਕੋਈ ਠੋਸ ਪਰੰਪਰਾ ਨਹੀਂ ਹੈ। ਪੰਜਾਬੀ ਦੇ ਬਹੁਤ ਘੱਟ ਲੇਖਕਾਂ ਨੇ ਇਸ ਸਿਨਫ਼ ਵਿਚ ਆਪਣੇ-ਆਪ ਨੂੰ ਸਥਾਪਿਤ ਕਰਨ ਦਾ ਗੰਭੀਰ ਯਤਨ ਕੀਤਾ ਹੈ। ਇਸ ਰੂਪ-ਵਿਧਾ ਨੂੰ ਇਸ ਦਾ ਬਣਦਾ ਸਤਿਕਾਰ ਵੀ ਪ੍ਰਾਪਤ ਨਹੀਂ ਹੋਇਆ। ਸ਼ਾਇਦ ਇਸੇ ਕਰ ਕੇ ਟੈਲੀ ਫ਼ਿਲਮਾਂ ਲਿਖੀਆਂ ਤਾਂ ਗਈਆਂ, ਪਰ ਪ੍ਰਕਾਸ਼ਿਤ ਨਹੀਂ ਹੋਈਆਂ। ਇਸ ਦੇ ਨਤੀਜੇ ਵਜੋਂ ਪੰਜਾਬੀ ਸਾਹਿੱਤ, ਅਧਿਅਨ ਅਤੇ ਅਧਿਆਪਨ ਦੇ ਖੇਤਰਾਂ ਵਿਚ ਸਭ ਕਿਸਮ ਦੇ ਨਾਟਕਾਂ ਨੂੰ ਇਕ ਜਨਰਲ ਕੈਟੇਗਰੀ ਦੇ ਰੂਪ ਵਿਚ ਹੀ ਦੇਖਣ, ਸਮਝਣ ਅਤੇ ਵਾਚਣ ਦੀ ਪਰੰਪਰਾ ਹੈ। ਇਸ ਦਾ ਇਕ ਨੁਕਸਾਨ ਇਹ ਵੀ ਹੋਇਆ ਕਿ ਸਾਡੇ ਸਮਾਲੋਚਕ ਅਤੇ ਅਧਿਏਤਾ ਕਈ ਵਾਰੀ ਪ੍ਰਕਾਸ਼ਿਤ ਅਤੇ ਪਰਦਰਸ਼ਿਤ ਨਾਟਕ ਵਿਚ ਵੀ ਭੇਦ ਕਰਨ ਦੇ ਸਮਰੱਥ ਨਹੀਂ ਰਹਿੰਦੇ। ਬਖ਼ਸ਼ਿੰਦਰ ਦੇ ਇਸ ਨਾਟ-ਸੰਗ੍ਰਹਿ ਨਾਟਕ ਦੀ ਵਿਧਾ ਦੀਆਂ ਤਿੰਨ ਵਿਧੀਆਂ ਨੂੰ ਇੱਕੋ ਸੰਗ੍ਰਹਿ ਵਿਚ ਪ੍ਰਸਤੁਤ ਕਰ ਕੇ ਸਾਡੀ ਰੂਪ ਚੇਤਨਾ ਨੂੰ ਤਿੱਖਾ ਕਰਨ ਦਾ ਯੋਗ ਯਤਨ ਕੀਤਾ ਹੈ ਅਤੇ ਸਾਨੂੰ ਇਸ ਉਪਰਾਲੇ ਦਾ ਯੋਗ ਫ਼ਾਇਦਾ ਉਠਾਉਣਾ ਚਾਹੀਦਾ ਹੈ। ਇਹ ਨਾਟਕ ਸਾਨੂੰ ਇਹ ਗੱਲ ਭਲੀ-ਭਾਂਤ ਸਮਝਾਉਂਦੇ ਹਨ ਕਿ ਕਿਵੇਂ ਰੰਗਮੰਚ ਵਿਚੋਂ ਦ੍ਰਿਸ਼ ਨੂੰ ਖਾਰਜ ਕਰਨ ਨਾਲ ਰੇਡੀਓ ਨਾਟਕ ਉਤਪੰਨ ਹੁੰਦਾ ਹੈ ਅਤੇ ਉਸ ਦੀ ਵਿਧੀ ਵਿਚ ਕਿਹੜੀਆਂ-ਕਿਹੜੀਆਂ ਸੰਭਾਵਨਾਵਾਂ ਅਤੇ ਸੀਮਾਵਾਂ ਆ ਜਾਂਦੀਆਂ ਹਨ। ਇਸੇ ਤਰ੍ਹਾਂ ਟੈਲੀ ਨਾਟਕ ਸਾਨੂੰ ਦੱਸਦਾ ਹੈ ਕਿ ਉਹ ਸਮੇਂ ਤੇ ਸਥਾਨ ਦੀ ਅਸੀਮ ਵੰਨਗੀ ਨੂੰ ਰੰਗਮੰਚ ਨਾਲੋਂ ਕਿੰਨੀ ਆਸਾਨੀ ਨਾਲ ਆਪਣੇ ਕਲੇਵਰ ਵਿਚ ਸਮੇਟ ਸਕਦਾ ਹੈ ਅਤੇ ਕਿਵੇਂ ਕੈਮਰੇ ਦੀ ਪੋਜ਼ੀਸ਼ਨ, ਕੋਣ, ਆਬਜੈਕਟ ਨਾਲੋਂ ਵੱਧ-ਘੱਟ ਵਿੱਥ, ਅਤੇ ਦ੍ਰਿਸ਼ ਦੀ ਕਟਿੰਗ ਤੇ ਸੰਪਾਦਨ ਉਸ ਨੂੰ ਆਪਣੀ ਵਿਧੀ ਵਿੱਚ ਮੰਚੀ ਨਾਟਕ ਨਾਲੋਂ ਬਹੁਤ ਵੱਖਰਾ ਕਰ ਦਿੰਦੇ ਹਨ।
ਬਖ਼ਸ਼ਿੰਦਰ ਨੇ ਤਾਂ ਚਾਰ ਨਾਟਕਾਂ ਵਿਚ ਤਿੰਨ ਵੰਨਗੀਆਂ ਸਿਰਜ ਦਿੱਤੀਆਂ ਹਨ, ਪਰ ਇਨ੍ਹਾਂ ਤਿੰਨਾਂ ਨੂੰ ਇੱਕ ਪਰਚੇ ਵਿੱਚ ਸਮੇਟਣਾ ਬਹੁਤ ਸੁਖਾਲ਼ਾ ਕਾਰਜ ਨਹੀਂ ਹੈ। ਹਾਂ, ‘ਪੂਣੀ ਨੂੰ ਛੁਹਣ’ ਦੇ ਅਮਲ ਵਾਂਗ ਅਸੀਂ ਸਿਰਫ਼ ਸਮੀਖਿਆ ਦਾ ਮੁਢਲਾ ਪੰਨਾ ਹੀ ਲਿਖ ਸਕਦੇ ਹਾਂ, ਇਸ ਉਮੀਦ ਨਾਲ ਕਿ ਇਨ੍ਹਾਂ ਰਚਨਾਵਾਂ ਦੇ ਵਿਭਿੰਨ ਪਹਿਲੂਆਂ ਉੱਤੇ ਟਿੱਪਣੀਆਂ ਜਾਰੀ ਰਹਿਣਗੀਆਂ। ਸਾਨੂੰ ਪਹਿਲਾਂ ਉਸ ਦੇ ਰੇਡੀਓ ਨਾਟਕਾਂ ਦੀ ਗੱਲ ਕਰਨੀ ਚਾਹੀਦੀ ਹੈ। ਉਹ ਇਸ ਵਿਧਾ ਨੂੰ ਆਪਣੇ ਵੱਲੋਂ ਵੀ ਪ੍ਰਮੁਖਤਾ ਦੇ ਰਿਹਾ ਹੈ। ਪੁਸਤਕ ਦੇ ਨਾਂ ਵਾਲਾ ਪਹਿਲਾ ਨਾਟਕ ਅਤੇ ਅੰਤਲਾ ਨਾਟਕ ਵੀ ਇਸੇ ਹੀ ਵਿਧਾ ਨਾਲ ਸਬੰਧ ਰੱਖਦੇ ਹਨ। ਇਹ ਰਚਨਾਵਾਂ ਆਕਾਸ਼ਵਾਣੀ ਤੋਂ ਪ੍ਰਸਾਰਤ ਵੀ ਹਨ ਅਤੇ ਇਨ੍ਹਾਂ ਵਿਚੋਂ ਇਕ ਰਚਨਾ ਆਕਾਸ਼ਵਾਣੀ ਦੇ ਕੌਮੀ ਮੁਕਾਬਲੇ ਵਿਚ ਪੁਰਸਕ੍ਰਿਤ ਵੀ ਹੈ।
ਉਸ ਦਾ ਪ੍ਰਥਮ ਨਾਟਕ ‘ਸਭ ਤੋਂ ਗੰਦੀ ਗਾਲ਼’ ਸਾਡੇ ਸਮਾਜ ਵਿਚ ਔਰਤ ਦੀ ਸਭ ਤੋਂ ਹੀਣ ਸਥਿਤੀ ਬਾਰੇ ਹੈ। ਬਖ਼ਸ਼ਿੰਦਰ ਆਪਣੀ ਰਚਨਾ ਦੀ ਵਿਧਾ ਦੇ ਨਾਲ-ਨਾਲ ਉਸ ਦੇ ਪ੍ਰਯੋਜਨ ਬਾਰੇ ਵੀ ਬੜਾ ਸਪੱਸ਼ਟ ਹੈ। ਉਸ ਅਨੁਸਾਰ ਰਚਨਾਤਮਕਤਾ ਨਾਅਰੇਬਾਜ਼ੀ ਵਿੱਚ ਨਹੀਂ ਢਾਲੀ ਜਾਣੀ ਚਾਹੀਦੀ। ਇੱਕ ਲੰਮੇਂ ਸਮੇਂ ਤੋਂ ਅਖ਼ਬਾਰ ਦਾ ਫ਼ਿਲਮ ਸਮੀਖਿਅਕ ਹੋਣ ਕਾਰਨ ਅਤੇ ਲਗਾਤਾਰ ਚੰਗੀਆਂ-ਮੰਦੀਆਂ ਫ਼ਿਲਮਾਂ ਨੂੰ ਵੱਡੀ ਗਿਣਤੀ ਵਿਚ ਦੇਖਣ ਅਤੇ ਪੜਚੋਲਣ ਉਪਰੰਤ ਉਸ ਦਾ ਪਾਤਰ ਸਾਰੰਗ ਇਸੇ ਨਤੀਜੇ ’ਤੇ ਅੱਪੜਿਆ ਹੈ ਕਿ “ਫ਼ਿਲਮ ਵਿੱਚ ਸੁਜੈਸਟਿਵ ਢੰਗ ਨਾਲ ਜਿੰਨਾ ਵੀ ਕਿਹਾ ਜਾ ਸਕਦਾ ਸੀ ਜਾਂ ਦਿਖਾਇਆ ਜਾ ਸਕਦਾ ਸੀ, ਮੈਂ ਉਨਾ ਹੀ ਕਿਹਾ ਹੈ, ਉਨਾ ਹੀ ਦਿਖਾਇਆ ਹੈ। ਮੈਂ ਕ੍ਰੀਏਟਿਵਿਟੀ ਨੂੰ ਨਾਅਰਬਾਜ਼ੀ ਨਾਲੋਂ ਅਸਲੋਂ ਹੀ ਵੱਖਰੀ ਮੰਨਦਾ ਹਾਂ। ਜਿਹੜੀ ਗੱਲ ਨਾਅਰੇਬਾਜ਼ੀ ਜਾਂ ਇਸ ਦੇ ਰਤਾ ਕੁ ਵੀ ਨੇੜੇ ਲੱਗੀ, ਮੈਂ ਉਸ ਨੂੰ ਆਪਣੀ ਫ਼ਿਲਮ ਦੇ ਨੇੜੇ ਫਟਕਣ ਨਹੀਂ ਦਿੱਤਾ”। ਬਖ਼ਸ਼ਿੰਦਰ ਨੇ ਭਾਵੇਂ ਆਪਣੇ ਇਸ ਪ੍ਰਯੋਜਨ ਨੂੰ ਨਾਟਕ ਵਿੱਚ ਵੀ ਇਕ ‘ਨਾਅਰਾ’ ਬਣਾ ਕੇ ਪੇਸ਼ ਕੀਤਾ ਹੈ, ਪਰ ਉਸ ਦੀ ਕਲਮ ਦੀ ਇਹ ਸਿਫ਼ਤ ਕਰਨੀ ਪਵੇਗੀ ਕਿ ਉਸ ਨੇ ਆਪਣੀਆਂ ਰਚਨਾਵਾਂ ਨੂੰ ਥੀਮ ਦੇ ਪ੍ਰਗਟਾਵੇ ਦੀ ਪੱਧਰ ’ਤੇ ਕਿਧਰੇ ਵੀ ਲਾਊਡ ਨਹੀਂ ਹੋਣ ਦਿੱਤਾ। ‘ਸਭ ਤੋਂ ਗੰਦੀ ਗਾਲ਼’ ਵਿੱਚ ਦਰਅਸਲ ਉਹ ਇੱਕ ਅਭਾਗਣ ਔਰਤ ਦਾ ਜ਼ਿਕਰ ਕਰ ਰਿਹਾ ਹੈ, ਜਿਹੜੀ ਕਈ ਕਾਰਨਾਂ ਕਰ ਕੇ ਆਪਣੇ ਘਰ ਵਿੱਚ ਦੁਖੀ ਹੈ। ਉਸ ਦੀ ਆਪਣੇ ਪਤੀ ਨਾਲ ਨਹੀਂ ਬਣ ਰਹੀ। ਪਹਿਲਾਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਕੋਲ ਬੱਚਾ ਨਹੀਂ ਹੈ, ਉਹ ਸ਼ਾਇਦ ਇਸ ਲਈ ਦੁਖੀ ਹੈ ਅਤੇ ਇਸੇ ਕਰ ਕੇ ਦੋਹਾਂ ਜੀਆਂ ਵਿੱਚ ਸੰਤੁਲਨ ਵਾਲਾ ਰਿਸ਼ਤਾ ਨਹੀਂ। ਪਰ ਫਿਰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਬੱਚਾ ਦੇਣ ਦੇ ਯੋਗ ਨਹੀਂ ਹੈ। ਹੌਲ਼ੀ-ਹੌਲ਼ੀ ਰਚਨਾ ਸਾਡੇ ਸਾਹਮਣੇ ਇਹ ਗੱਲ ਵੀ ਖੋਲ੍ਹਦੀ ਹੈ ਕਿ ਮੁੰਡੇ ਦੀ ਮਾਂ ਚਾਹੁੰਦੀ ਹੈ ਕਿ ਨੂੰਹ ਕਿਸੇ ਵੀ ਹੋਰ ਨਾਲ ਸਬੰਧ ਰਚਾ ਲਵੇ, ਪਰ ਬੱਚਾ ਜ਼ਰੂਰ ਜੰਮੇਂ। ਤੇ ਇਹ ਹੀ ਇਕ ਨਿਰਦੋਸ਼ ਔੌਰਤ ਵਾਸਤੇ ਸਭ ਤੋਂ ਵੱਡੀ ਗਾਲ਼ ਹੈ। ਇਸ ਨਾਟਕ ਦੇ ਕਈ ਵਾਰਤਾਲਾਪ ਬੜੇ ਟੁੰਬਵੇਂ ਅਤੇ ਰੇਡੀਓ ਨਾਟਕਾਂ ਦੀ ਸ਼ੈਲੀ ਦੇ ਅਨੁਕੂਲ ਹਨ, ਜਿਵੇਂ :
# ਆਪਾਂ ਸਾਰੀ ਉਮਰ ਗਾਲ਼ਾਂ ਕੱਢਦੇ ਅਤੇ ਖਾਂਦੇ ਹਾਂ, ਪਰ ਇਹ ਨਹੀਂ ਸਮਝਦੇ ਕਿ ਗਾਲ਼ ਕੱਢੀ ਤਾਂ
ਮਰਦ ਨੂੰ ਜਾਂਦੀ ਹੈ, ਪਰ ਉਹ ਲੱਗਦੀ ਔਰਤ ਨੂੰ ਏ।
# ਉਂਝ ਤਾਂ ਦੁਖੀ ਧੀ ਦਾ ਬਾਪ ਸੌਖਿਆਂ ਹੀ ਪਛਾਣਿਆਂ ਜਾ ਸਕਦਾ ਹੈ, ਪਰ ਅੰਜਲੀ ਦੇ ਬਾਪ ਨੇ
ਆਪਣੀ ਪਛਾਣ ਆਪ ਹੀ ਕਰਾ ਦਿੱਤੀ ਸੀ।
# ਤੂੰ ਆਪਣਾ ਰਿਵਾਜ ਚਲਾ ਨਹੀਂ ਸਕਦੀ ਤੇ ਉਨ੍ਹਾਂ ਦਾ ਰਿਵਾਜ ਬਦਲ ਨਹੀਂ ਸਕਦੀ।
ਇਸ ਨਾਟਕ ਦੀ ਸੰਰਚਨਾ ਬਹੁਤ ਸਿੱਧ-ਪੱਧਰੀ ਅਤੇ ਸਪਾਟ ਹੈ। ਸਾਰੰਗ ਫ਼ਿਲਮਸਾਜ਼ ਹੈ, ਜਿਸ ਨੇ ਅੰਜਲੀ ਉੱਤੇ ਇਕ ਫ਼ਿਲਮ ਬਣਾਈ ਹੈ। ਨਾਟਕ ਦਾ ਸਾਰਾ ਕਾਰਜ ਦਰਅਸਲ ਉਸ ਫ਼ਿਲ਼ਮ ਬਾਰੇ ਕੀਤੀ ਜਾ ਰਹੀ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਹੋ ਰਹੇ ‘ਸਵਾਲਾਂ ਅਤੇ ਜਵਾਬਾਂ’ ਉੱਤੇ ਟਿਕਿਆ ਹੋਇਆ ਹੈ। ਨਾਟਕੀ ਕਾਰਜ ਨੂੰ ਗਹਿਨ ਕਰਨ ਵਾਸਤੇ ਬਖ਼ਸ਼ਿੰਦਰ ਨੇ ਸਾਰੰਗ ਦੁਆਰਾ ਬਣਾਈ ਫ਼ਿਲਮ ਦੇ ਕੁੱਝ ਅੰਸ਼ਾਂ ਦਾ ਸਾਊਂਡਟਰੈਕ ਚਲਾਇਆ ਹੈ। ਇਸ ਨਾਲ ਵੱਖ-ਵੱਖ ਸਮਿਆਂ ਦੀ ਇੱਕੋ ਸਮੇਂ ਅੰਤਰਕਿਰਿਆ ਤਾਂ ਹੋ ਜਾਂਦੀ ਹੈ ਅਤੇ ਕੁੱਝ ਹੱਦ ਤਕ ਸਾਨੂੰ ਅੰਜਲੀ ਦੇ ਦੁੱਖ ਦਾ ਅੰਜਲੀ ਦੀ ਜ਼ੁਬਾਨੀ ਵੀ ਪਤਾ ਲੱਗ ਜਾਂਦਾ ਹੈ, ਪਰ ਸਰੋਤੇ ਅਤੇ ਕਾਰਜ ਦੀ ਫਿਰ ਵੀ ਇੱਕ ਵੱਡੀ ‘ਵਿੱਥ’ ਬਣੀ ਰਹਿੰਦੀ ਹੈ। ਕਾਰਜ ਜਿਸ ਘਰ ਵਿਚ ਵਾਪਰਿਆ, ਉਹ ਸਾਡੇ ਸਾਹਮਣੇ ਨਹੀਂ, ਕਾਰਜ ਦੀ ਨਾਇਕਾ, ਸਾਰੰਗ ਨੂੰ ਬੱਸ ਵਿਚ ਮਿਲੀ, ਪਰ ਉੱਥੇ ਵੀ ਸਾਰੰਗ ਦੀ ਵਧੇਰੇ ਗੱਲਬਾਤ ਉਸ ਦੇ ਬਾਪ ਨਾਲ ਹੁੰਦੀ ਹੈ। ਅੰਜਲੀ ਨੂੰ ਤੰਗ ਕਰਨ ਵਾਲੀ ਨਾ ਤਾਂ ਸੱਸ ਸਾਡੇ ਕੰਨਾਂ ਤਕ ਪੁੱਜ ਰਹੀ ਹੈ ਅਤੇ ਨਾ ਹੀ ਉਸ ਦਾ ਨਾਮਰਦ ਪਤੀ। ਇਉਂ ਸਾਡੇ ਕੋਲ ਬੜਾ ਹੀ ਸੀਮਿਤ ਤੇ ਪਰੋਖ ਕਾਰਜ ਹੈ, ਜੋ ਬਹੁਤ ਸਾਰੇ ਹੱਥਾਂ ਵਿੱਚੋਂ ਨਿੱਕਲ ਕੇ ਸਾਡੇ ਕੰਨਾਂ ਤੱਕ ਪਹੁੰਚ ਰਿਹਾ ਹੈ। ਇਸੇ ਕਰ ਕੇ ਰਚਨਾ ਦਾ ਕੁੱਲ ਪ੍ਰਭਾਵ ਰੇਡੀਓ ਉੱਤੇ ਪ੍ਰਸਾਰਤ ਇਕ ਕਹਾਣੀ ਵਰਗਾ ਹੈ, ਨਾਟਕ ਜਿਹਾ ਨਹੀਂ; ਕਿਉਂ ਕਿ ਪਾਤਰ ਦੇ ਦੁੱਖ ਨੂੰ ਅਸੀਂ ਉਸ ਦੇ ਮੂੰਹੋਂ ਅਤੇ ਦੂਜੇ ਪਾਤਰਾਂ ਨਾਲ ਸਬੰਧਾਂ ਵਿੱਚੋਂ ਜਾਂ ਉਸ ਦੇ ਸਿੱਧੇ ਅਨੁਭਵ ਵਿੱਚੋਂ ਪ੍ਰਾਪਤ ਕਰਨ ਦੀ ਬਜਾਏ ਉਸ ਦੇ ਬਾਪ ਕੋਲੋਂ, ਉਸ ਉੱਤੇ ਬਣੀ ਫ਼ਿਲਮ ਵਿੱਚੋਂ ਜਾਂ ਉਸ ਉੱਤੇ ਬਣੀ ਫ਼ਿਲਮ ਦੇ ਨਿਰਦੇਸ਼ਕ ਕੋਲੋਂ ਪ੍ਰਾਪਤ ਕਰ ਰਹੇ ਹਾਂ, ਉਹ ਵੀ ਪ੍ਰੈੱਸ ਕਾਨਫ਼ਰੰਸ ਵਿਚ ਹੋ ਰਹੇ ਸਵਾਲਾਂ ਦੇ ਮਾਧਿਅਮ ਰਾਹੀਂ। ਸਾਡੀ ਰਾਇ ਵਿਚ ਜਿੱਥੇ ਪ੍ਰੈੱਸ ਕਾਨਫ਼ਰੰਸ ਅਤੇ ਅੰਜਲੀ ਉੱਤੇ ਬਣੀ ਫ਼ਿਲਮ ਵਾਲੀ ਗੱਲ ਨੇ ਇਸ ਰਚਨਾ ਨੂੰ ਰੇਡੀਓ ਨਾਟਕ ਦੇ ਨੇੜੇ ਲਿਆਂਦਾ ਹੈ, ਉੱਥੇ ਇਸ ਨੇ ਰਚਨਾ ਦੇ ਨਾਟਕੀ ਅਨੁਭਵ ਨੂੰ ਸਰੋਤੇ ਤੋਂ ਦੂਰ ਵੀ ਕੀਤਾ ਹੈ। ਇਸ ਵਿੱਥ ਨੂੰ ਸਾਰੰਗ ਦੇ ਉਹ ਵਾਰਤਾਲਾਪ ਹੋਰ ਵੀ ਵਧਾ ਦਿੰਦੇ ਹਨ, ਜਿਹੜੇ ਉਹ ਪ੍ਰੈੱਸ ਕਾਨਫ਼ਰੰਸ ਦੇ ਦੌਰਾਨ ਆਪਣੇ ਸਿਧਾਂਤਕ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਬੋਲਦਾ ਹੈ।
ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਖ਼ਸ਼ਿੰਦਰ ਬੜੇ ਨਾਟਕੀ ਅੰਦਾਜ਼ ਵਿੱਚ ਭਾਰਤੀ ਸਮਾਜ ਵਿੱਚ ਔਰਤ ਦੀ ਹੀਣ ਅਤੇ ਤਰਸਯੋਗ ਸਥਿਤੀ ਨੂੰ ਚਿੱਤਰ ਰਿਹਾ ਹੈ। ਇੱਕ ਜਵਾਨ ਲੜਕੀ ਦੀ ਸੱਸ ਉਸ ਨੂੰ ਕਿਸੇ ਹੋਰ ਮਰਦ ਰਾਹੀਂ ਬੱਚਾ ਪ੍ਰਾਪਤ ਕਰਨ ਦੀ ਪ੍ਰੇਰਨਾ ਦੇ ਰਹੀ ਹੈ। ਇੱਥੇ ਹੀ ਬੱਸ ਨਹੀਂ, ਸਾਰੰਗ ਦੇ ਪਾਤਰ ਰਾਹੀਂ ਇਹ ਵੀ ਸੁਝਾਇਆ ਗਿਆ ਹੈ ਕਿ ਸੱਸ ਨੇ ਵੀ ਆਪਣਾ ਪੁੱਤਰ ਇਹੋ ਜਿਹੇ ਰਿਸ਼ਤੇ ਰਾਹੀਂ ਹੀ ਪ੍ਰਾਪਤ ਕੀਤਾ ਹੋਵੇਗਾ। ਫਿਰ ਵੀ ਨਾਟਕ ਦਾ ਵਿਸ਼ਾ ਮਰਦ ਦੀ ਨਾਮਰਦਗੀ ਨਹੀਂ ਹੈ, ਦਰਅਸਲ ਇਹ ਨਾਟਕ ਸਾਡੇ ‘ਸਮੁੱਚੇ ਸਮਾਜ’ ਦੀ ਨਾਮਰਦਗੀ ਜਾਂ ਨਾਅਹਿਲੀਅਤ ਉੱਤੇ ਵਿਅੰਗ ਕੱਸ ਰਿਹਾ ਹੈ। ਪੁਸਤਕ ਦਾ ਦੂਸਰਾ ਰੇਡੀਓ ਨਾਟਕ ਥੀਮ ਦੇ ਪੱਖੋਂ ਪਹਿਲੇ ਦਾ ਹੀ ਦੂਜਾ ਭਾਗ ਕਿਹਾ ਜਾ ਸਕਦਾ ਹੈ। ਉਸ ਵਿੱਚ ਵੀ ਔਰਤ ਦੀ ਸਮੱਸਿਆ ਸਾਡੇ ਸਾਹਮਣੇ ਹੈ। ਜਿੱਥੇ ਪਹਿਲੀ ਔਰਤ ਵਾਸਤੇ ਆਪਣੇ ਅਸਾਵੇਂ ਰਿਸ਼ਤੇ ਨੂੰ ਨਿਭਾਉਣਾ ਸੰਕਟ ਹੈ, ਦੂਸਰੇ ਵਿੱਚ ਇੱਕ ਸਾਵੇਂ ਮਰਦ ਦੀ ਭਾਲ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ।ਇਸ ਪੜ੍ਹੇ ਲਿਖੇ ਸਮਾਜ ਵਿੱਚ ਸ਼ਹਿਰ ਦੀ ਇੱਕ ਸੁਨੱਖੀ ਲੜਕੀ ਲਈ ਯੋਗ ਵਰ ਦੀ ਭਾਲ ਕੋਈ ਆਸਾਨ ਕੰਮ ਨਹੀਂ। ਅੱਜ ਦੇ ਸਮਾਜ ਵਿੱਚ ਜਿੱਥੇ ਇਕ ਪਾਸੇ ਨਵੀਂ ਔਰਤ ਆਪਣੇ ਹਾਣ ਦੇ ਮਰਦ ਦੇ ਮੁਕਾਬਲੇ ਵਿੱਚ ਅਗਾਂਹਵਧੂ, ਸਮਾਜੀ ਤੌਰ ’ਤੇ ਚੇਤੰਨ, ਆਧੁਨਿਕ ਅਤੇ ਪਰੰਪਰਾਗਤ ਮੁੱਲਾਂ ਦਾ ਸੁਮੇਲ ਕਰਨ ਵਾਲੀ ਅਤੇ ਸਮੇਂ ਦੀ ਹਾਣੀ ਕਹੀ ਜਾ ਸਕਦੀ ਹੈ, ਉੱਥੇ ਸਾਧਾਰਨ ਮਰਦ ਪੁਰਾਣੀਆਂ ਜਗੀਰਦਾਰੀ ਕਦਰਾਂ-ਕੀਮਤਾਂ ਦਾ ਪਿਛਲੱਗ, ਅਨਪੜ੍ਹ ਜਾਂ ਅੱਧਪੜ੍ਹ ਅਤੇ ਨਰ-ਹੰਕਾਰ ਦਾ ਸਦੀਵੀ ਸ਼ਿਕਾਰ ਹੋਣ ਕਰ ਕੇ ਕਈ ਕਿਸਮ ਦੀਆਂ ਮਨੋਗ੍ਰੰਥੀਆਂ ਵਿੱਚ ਗ੍ਰਸਿਆ ਹੋਇਆ ਹੈ। ਇਸੇ ਲਈ ਡੌਲੀ ਦੇ ਹਾਣ ਦਾ ਮੁੰਡਾ ਨਹੀਂ ਲੱਭਦਾ। ਪਰ ਇਸ ਨਾਟਕ ਵਿੱਚ ਬਖ਼ਸ਼ਿੰਦਰ ਨੇ ਸਾਦਗੀ ਨੂੰ ਇੱਕ ਸਮਾਦਾਨ ਵਜੋਂ ਪੇਸ਼ ਕੀਤਾ ਹੈ। ਉਸ ਨੇ ਇਹ ਸਿਧਾਂਤ ਦਿੱਤਾ ਹੈ ਕਿ ਇਹੋ ਜਿਹੀਆਂ ਜ਼ਹੀਨ ਲੜਕੀਆਂ ਨੂੰ ਆਪਣਾ ਹਾਣ ਪਰੰਪਰਾਗਤ ਸਜ-ਧਜ ਦੀ ਬਜਾਏ ਆਪਣੀ ਸਾਦਗੀ ਅਤੇ ਸਿਆਣਪ ਦੇ ਆਸਰੇ ਹੀ ਲੱਭਣਾ ਚਾਹੀਦਾ ਹੈ। ਪਹਿਲੇ ਨਾਟਕ ਵਿੱਚ ਇਕ ਫ਼ਿਲਮਕਾਰ ਤੇ ਦੂਸਰੇ ਨਾਟਕ ਵਿੱਚ ਇੱਕ ਪੱਤਰਕਾਰ ਨੂੰ ਔਰਤ ਦੀ ਸਥਿਤੀ ਦੇ ਪ੍ਰਸ਼ੰਸਕ ਵਜੋਂ ਪੇਸ਼ ਕਰ ਕੇ ਉਸ ਨੇ ਪਰੰਪਰਾਗਤ ਵਿਆਹ ਪ੍ਰਣਾਲੀ ਉੱਤੇ ਇੱਕ ਭਰਵਾਂ ਵਿਅੰਗ ਕੱਸਿਆ ਹੈ। ਪਰ ਬਿਹਤਰ ਹੁੰਦਾ, ਜੇ ‘ਇਸ਼ਤਿਹਾਰ’ ਦੇ ਮੁੱਢਲੇ ਦ੍ਰਿਸ਼ ਵਿੱਚ ਮਿਸਿਜ਼ ਗਿੱਲ ਅਤੇ ਮਿਸਿਜ਼ ਢਿੱਲੋਂ ਦੀ ਮੁਲਾਕਾਤ ਦੀ ਬਜਾਏ ਨਾਟਕ ਡੌਲੀ ਦੇ ਹੀ ਕਿਸੇ ਦ੍ਰਿਸ਼ ਤੋਂ ਸ਼ੁਰੂ ਹੁੰਦਾ। ਬਖ਼ਸ਼ਿੰਦਰ ਦੇ ਨਾਟਕਾਂ ਵਿੱਚ ਪਰੰਪਰਾਗਤ ਨਾਟ-ਬੁਣਤੀ ਦੇ ਤੱਤਾਂ ਦਾ ਸਮਾਵੇਸ਼ ਬਹੁਤਾ ਸਰਲ ਕਾਰਜ ਨਹੀਂ। ਸਾਡਾ ਖ਼ਿਆਲ ਹੈ ਕਿ ‘ਸਭ ਤੋਂ ਗੰਦੀ ਗਾਲ਼’ ਵਿੱਚ ਉਹ ਲੋੜ ਤੋਂ ਵਧੇਰੇ ਤਿੱਖਾ ਸੰਪਾਦਨ ਕਰ ਗਿਆ ਹੈ ਅਤੇ ‘ਇਸ਼ਤਿਹਾਰ’ ਵਿੱਚ ਉਹ ਲੋੜੀਂਦੇ ਸੰਪਾਦਨ ਨੂੰ ਛੱਡ ਗਿਆ ਹੈ। ਪਰ ਦੋਹਾਂ ਨਾਟਕਾਂ ਦਾ ਵਿਸ਼ਾ ਇਸ ਘਾਟ ਦੀ ਪੂਰਤੀ ਵਜੋਂ ਦੇਖਿਆ ਜਾ ਸਕਦਾ ਹੈ।
‘ਹੋ ਸਕਦਾ ਹੈ’ ਇੱਕ ਟੈਲੀ ਫ਼ਿਲਮ ਦਾ ਵਾਰਤਾਲਾਪਾਂ ਸਹਿਤ ਲਿਖਿਆ ਸੰਪੂਰਨ ਸਕਰੀਨਪਲੇ ਹੈ। ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਇਸ ਕਿਸਮ ਦੇ ਸਕਰੀਨਪਲੇ ਦਾ ਲੇਖਕ ਇੱਕ ਚੰਗੀ ਬਾਲੀਵੁੱਡ ਫ਼ਿਲਮ ਦਾ ਸਫ਼ਲ ਰਾਈਟਰ ਵੀ ਹੋ ਸਕਦਾ ਹੈ। 26 ਦ੍ਰਿਸ਼ਾਂ ਦੀ ਇਸ ਟੈਲੀ ਫ਼ਿਲਮ ਵਿੱਚ ਬਖ਼ਸ਼ਿੰਦਰ ਇੱਕ ਗੀਤਕਾਰ, ਤਿੱਖਾ ਅਤੇ ਭਾਵਪੂਰਤ ਡਾਇਲਾਗ ਰਾਈਟਰ, ਕੈਮਰੇ ਦੇ ਕੋਣਾਂ ਅਤੇ ਪੋਜ਼ੀਸ਼ਨਾਂ ਨੂੰ ਸਮਝ ਕੇ ਲਿਖਣ ਵਾਲਾ ਸਕਰਿਪਟ ਲੇਖਕ, ਇਨਡੋਰ ਅਤੇ ਆਊਟਡੋਰ ਦ੍ਰਿਸ਼ਾਂ ਦਾ ਰਚਨਾਤਮਕ ਮਿਸ਼ਰਣ ਕਰਨ ਵਾਲੀ ਨਿਰਦੇਸ਼ਕੀ ਸੂਝ ਦਾ ਸਵਾਮੀ, ਦ੍ਰਿਸ਼ਾਂ ਦੀ ਮਿਕਸਿੰਗ ਅਤੇ ਸੁਪਨੇ ਆਦਿ ਦੇ ਡਰਾਮਾਈ ਤੱਤਾਂ ਦੀ ਬਾਰੀਕ ਸੂਝ ਦਾ ਮਾਲਿਕ, ਦ੍ਰਿਸ਼ ਦੀ ਕਟਿੰਗ ਨਾਲ ਫ਼ਿਲ਼ਮ ਜਾਂ ਦ੍ਰਿਸ਼ ਦੀ ਭਾਸ਼ਾ ਨੂੰ ਸਿਰਜਣ ਵਾਲ਼ਾ ਕਲਾਕਾਰ ਅਤੇ ਅਜਿਹੇ ਟੈਲੀ-ਦ੍ਰਿਸ਼ਾਂ ਦੀ ਲੜੀ ਦਾ ਸਿਰਜਕ ਸਥਾਪਿਤ ਹੁੰਦਾ ਹੈ, ਜਿਹੜੇ ਸੰਖੇਪ, ਸੁਝਾਊ, ਸਪੱਸ਼ਟ, ਰੌਚਕ ਅਤੇ ਨੈਰੇਟਿਵ ਨੂੰ ਵਿਸਤਾਰਨ ਵਾਲੇ ਹਨ। ਇਹ ਟੈਲੀ ਫ਼ਿਲਮ ਇਸੇ ਕਰ ਕੇ ਦੂਰਦਰਸ਼ਨ ਜਲੰਧਰ ਵੱਲੋਂ ਨਿਰਮਿਤ ਅਤੇ ਪ੍ਰਸਾਰਤ ਵੀ ਹੋ ਚੁੱਕੀ ਹੈ। ਜੇ ਬਖ਼ਸ਼ਿੰਦਰ ਇਸ ਕਿਸਮ ਦੇ ਨੈਰੇਟਿਵ ਨੂੰ ਕੁੱਝ ਹੋਰ ਸੰਘਣਾ ਅਤੇ ਸਮਾਜਿਕ ਬਣਾ ਲਵੇ ਤਾਂ ਇਹੋ ਸਕਰੀਨਪਲੇ ਪੂਰੀ ਫੀਚਰ ਫ਼ਿਲਮ ਦੀਆਂ ਲੋੜਾਂ ਦੀ ਪੂਰਤੀ ਵੀ ਕਰ ਸਕਦਾ ਹੈ।
ਇਸ ਰਚਨਾ ਵਿੱਚ ਨਾਜ਼ਿਮ ਨਾਂ ਦਾ ਇੱਕ ਲੇਖਕ ਪਾਤਰ ਸਾਡੇ ਸਾਹਮਣੇ ਹੈ। ਉਹ ਸ਼ਾਮਾਂ ਨਾਂ ਦੀ ਇੱਕ ਔਰਤ ਨਾਲ ਪਿਆਰ ਕਰਦਾ ਹੈ। ਨਾਟਕ ਦੇ ਆਰੰਭ ਵਿੱਚ ਉਹ ਰੂਹਾਂ ਦੇ ਹੁਸਨ ਅਤੇ ਇਨਸਾਨਾਂ ਦੀ ਅੰਦਰੂਨੀ ਖ਼ੂਬਸੂਰਤੀ ਦੀਆਂ ਮੁੱਲਵਾਨ ਗੱਲਾਂ ਕਰਦਾ ਨਜ਼ਰ ਆਉਂਦਾ ਹੈ। 45 ਸਾਲਾਂ ਦਾ ਇਹ ਲੇਖਕ ਆਪਣੇ ਸਾਈਕਲ ਉੱਤੇ ਚੱਲਦਾ ਹੈ ਅਤੇ ਸੁਹਜ-ਸੁੰਦਰਤਾ ਦੀ ਬੜੀ ਸੱਜਰੀ ਅਤੇ ਉਸਾਰੂ ਪਰਿਭਾਸ਼ਾ ਸਿਰਜਦਾ ਪ੍ਰਤੀਤ ਹੁੰਦਾ ਹੈ। ਹੇਠ ਲਿਖੇ ਵਾਰਤਾਲਾਪ ਦੇਖੋ :
ਸ਼ਾਮਾਂ : ਇੰਨੀ ਖ਼ੂਬਸੂਰਤੀ ਦੇਖ ਕੇ ਤੁਸੀਂ ਚੁੱਪ ਕਿਉਂ ਹੋ ਗਏ ਨਾਜ਼ਿਮ?
ਨਾਜ਼ਮ : ਖ਼ੂਬਸੂਰਤੀ ਦੇਖ ਕੇ ਖੌਰੂ ਪਾਉਣਾ ਲਾਜ਼ਮੀ ਹੁੰਦਾ ਹੈ?
ਸ਼ਾਮਾਂ : ਖ਼ੁਸ਼ ਹੋਣ ਸਮੇਂ ਖ਼ੁਸ਼ ਨਾ ਹੋਣ ਦਾ ਮਤਲਬ ਖ਼ੂਬਸੂਰਤੀ ਜਾਂ ਸਿਹਤਯਾਬੀ ਨਹੀਂ ਹੁੰਦਾ।
ਨਾਜ਼ਿਮ : ਠੀਕ ਕਹਿੰਦੀ ਏਂ ਸ਼ਾਮਾਂ, ਮੈਂ ਅੱਜ ਸੱਚੀਂ ਬਿਮਾਰ ਹੋ ਗਿਆ ਹਾਂ, ਬਦਸੂਰਤ ਹੋ ਗਿਆ
ਹਾਂ।
ਸ਼ਾਮਾਂ : ਵਾਹ! ਬਿਊਟੀ ਕੰਪੀਟੀਸ਼ਨ ਦੇਖ ਕੇ ਕੋਈ ਬਿਮਾਰ ਵੀ ਹੁੰਦਾ ਹੈ-ਇਹ ਤਾਂ ਕੱਲ੍ਹ ਦੀਆਂ
ਅਖ਼ਬਾਰਾਂ ਲਈ ਬਾਕਸ ਆਈਟਮ ਹੋ ਸਕਦੀ ਏ।
ਨਾਜ਼ਿਮ : ਮੇਰੇ ਵਰਗੇ ਪੂਅਰ ਟੇਸਟ ਦੇ ਲੇਖਕ ਦਾ ਬਿਮਾਰ ਹੋਣਾ ਮਹਿਜ਼ ਇੱਕ ਖ਼ਬਰ ਵੀ
ਨਹੀਂ।
ਭਾਵੇਂ ਸ਼ਾਮਾਂ ਇੱਕ ਪ੍ਰੋਫੈਸਰ ਹੈ, ਪਰ ਉਹ ਬਾਹਰੀ ਦੁਨੀਆ ਦੇ ਤਲਿੱਸਮ ਤੋਂ ਵਧੇਰੇ ਆਕਰਸ਼ਿਤ ਹੁੰਦੀ ਦਿਖਾਈ ਗਈ ਹੈ। ਦੂਸਰੇ ਪਾਸੇ ਨਾਜ਼ਿਮ ਮਨੁੱਖ ਦੇ ਅੰਦਰਲੇ ਸੱਚ ਦੀ ਭਾਲ ਦਾ ਪੰਧਾਊ ਜਾਪਦਾ ਹੈ। ਇਸੇ ਲਈ ਤਾਂ ਉਹ ਸ਼ਾਮਾਂ ਨੂੰ ਕਹਿੰਦਾ ਹੈ : “ਮੇਰੇ ਉੱਤੇ ਇਸ ਸਭ ਕੁੱਝ ਦਾ ਇੰਪ੍ਰੈਸ਼ਨ ਕੁੱਝ ਪਰਸੈਂਟ ਹੀ ਹੈ। ਮੈਂ ਉਸ ਦਿਨ ਤੋਂ ਅੱਜ ਤੱਕ ਤੇਰੀ ਜਿਲਦ ਦੇ ਹੁਸਨ ਨਾਲੋਂ ਤੇਰੇ ਅੰਦਰੂਨੀ ਹੁਸਨ ਵੱਲ ਵਧੇਰੇ ਤੱਕਿਆ ਏ। ਇਹ ਮੈਨੂੰ ਨਾ ਸਿਰਫ਼ ਇੰਪ੍ਰੈੱਸ ਕਰਦਾ ਹੈ, ਰਾਦਰ ਇਟ ਐਨਚਾਂਟਸ ਮੀ”।
ਸਾਨੂੰ ਇਸ ਗੱਲ ਉੱਤੇ ਹੈਰਤ ਹੈ ਕਿ ਬਖ਼ਸ਼ਿੰਦਰ ਨੇ ਇਸ ਸਾਰੀ ਨਾਟ ਰਚਨਾ ਦੇ ਕਾਰਜ ਨੂੰ ਕੇਵਲ
ਇਸ ਨਿਗੂਣੇ ਧੁਰੇ ਉੱਤੇ ਕਿਉਂ ਲਿਆ ਟਿਕਾਇਆ ਕਿ ਨਾਜ਼ਿਮ ਵਰਗਾ ਬੁੱਧੀਜੀਵੀ ਆਪਣੀ ਪ੍ਰੇਮਿਕਾ ਦੀ
ਚੁਣੌਤੀ ਨੂੰ ਸਵੀਕਾਰ ਕਰ ਕੇ ਆਪਣੇ ਗੰਜੇ ਸਿਰ ਉੱਤੇ ਵਾਲ ਉਗਾਉਣ ਦੇ ਮੰਤਵ ਵੱਲ ਵਧਣਾ ਸ਼ੁਰੂ ਹੋ ਜਾਂਦਾ
ਹੈ ਅਤੇ ਸ਼ਾਮਾਂ ਦੇ ਇਸ ਪ੍ਰਸ਼ਨ ਨੂੰ ਆਪਣੀ ਖ਼ੁਦੀ ਲਈ ਇੱਕ ਵੰਗਾਰ ਦੇ ਰੂਪ ਵਿੱਚ ਲੈਂਦਾ ਹੋਇਆ ਆਪਣੇ
ਸਾਰੇ ਜੀਵਨ ਫ਼ਲਸਫ਼ੇ ਨੂੰ ਭੁੱਲ ਜਾਂਦਾ ਹੈ। ਨਾਜ਼ਿਮ ਨਾਟਕ ਦੇ ਇੱਕ ਹੋਰ ਪਾਤਰ ਲੁੱਡਣ ਨੂੰ ਆਪਣੀ ਸਥਿਤੀ
ਕਿੰਨੇ ਸੁਹਣੇ ਸ਼ਬਦਾਂ ਵਿੱਚ ਸਮਝਾਉਂਦਾ ਹੈ : “ਬੱਸ ਇਹੋ ਤਾਂ ਰੌਲ਼ਾ ਏ ਲੁੱਡਣਾ, ਉਸ ਦੀਆਂ ਜ਼ੁਲਫ਼ਾਂ ਦਾ
ਕੱਦ ਮੇਰੀ ਲਿਆਕਤ ਨਾਲੋਂ ਲੰਮਾ ਹੋ ਗਿਆ ਏ-ਇਸੇ ਹੀ ਗੱਲ ਦਾ ਘੁਮੰਡ ਹੋ ਗਿਆ ਏ ਸ਼ਾਮਾਂ ਨੂੰ”।
ਵਚਿੱਤਰ ਗੱਲ ਇਹ ਹੈ ਕਿ ਇੱਕ ਮਹਾਨ ਲੇਖਕ ਆਪਣੀ ਸ਼ਾਮਾਂ ਦੇ ਇਸ ਘੁਮੰਡ ਨੂੰ ਤੋੜਨ ਲਈ ਏਨਾ
ਤਤਪਰ ਹੋ ਜਾਂਦਾ ਹੈ ਕਿ ਦਾਰੂ ਪੀ-ਪੀ ਕੇ ਪਾਗਲ ਹੋ ਜਾਂਦਾ ਹੈ। ਜੇ ਨਾਟਕਕਾਰ ਇਸ ਰਚਨਾ ਰਾਹੀਂ
ਨਾਜ਼ਿਮ ਉੱਤੇ ਵਿਅੰਗ ਕੱਸ ਰਿਹਾ ਹੈ ਤਾਂ ਇਹ ਸਫ਼ਲ ਵਿਅੰਗ ਨਹੀਂ ਹੈ। ਉਸ ਨੇ ਆਪਣੇ ਇਸ ਪਾਤਰ ਨੂੰ
ਜਿਵੇਂ ਚਿੱਤਰਿਆ ਅਤੇ ਉਸਾਰਿਆ ਹੈ, ਉਸ ਨਾਲ ਇਹ ਰਚਨਾ ਹਿੰਦੀ ਫ਼ਿਲਮਾਂ ਦੇ ਹੋਰ ਵੀ ਨੇੜੇ ਹੋ ਗਈ
ਹੈ ਕਿਉਂ ਕਿ ਉਸ ਨੂੰ ਪਾਤਰ ਦੇ ਸੁਭਾਅ ਨਾਲੋਂ ਕਹਾਣੀ ਦੀਆਂ ਲੋੜਾਂ ਦੀ ਵਧੇਰੇ ਚਿੰਤਾ ਦਿਸਦੀ ਹੈ। ਜਿੱਥੇ
ਉਸ ਦੇ ਰੇਡੀਓ ਨਾਟਕ ਆਪਣੇ ਸਮਾਜੀ ਫ਼ਿਕਰਾਂ ਦਾ ਇੱਕ ਨਿਸਚਿਤ ਇਹਸਾਸ ਕਰਾਉਂਦੇ ਹਨ, ਉੱਥੇ ‘ਹੋ
ਸਕਦਾ ਹੈ’ ਅਜਿਹੇ ਅਰਥਾਂ ਤੋਂ ਕਾਫ਼ੀ ਊਣੀ ਰਚਨਾ ਦਿਸਦੀ ਹੈ।
ਪੁਸਤਕ ਵਿੱਚ ਸ਼ਾਮਿਲ ਚੌਥੀ ਰਚਨਾ ‘ਸਾਈਂ ਦਾ ਟਿੱਲਾ’ ਇਕ ਮੰਚ ਨਾਟਕ ਹੈ। ਇਸ ਨਾਟਕ ਵਿੱਚੋਂ, ਆਉਣ ਵਾਲ਼ੇ ਸਮੇਂ ਦੇ ਇੱਕ ਪ੍ਰੌਢ ਅਤੇ ਸਫ਼ਲ ਪੰਜਾਬੀ ਨਾਟਕਕਾਰ ਦੇ ਇਹਸਾਸ ਨੂੰ ਮਾਣਿਆ ਜਾ ਸਕਦਾ ਹੈ। ਭਾਵੇਂ ਇਸ ਰਚਨਾ ਦਾ ਨਾਟਕੀ ਰੂਪਾਂਤਰ ਵੀ ਆਕਾਸ਼ਵਾਣੀ ਤੋਂ ਪ੍ਰਸਾਰਤ ਹੋ ਚੁੱਕਾ ਹੈ, ਅਸੀਂ ਇਸ ਨੂੰ ਮੰਚ ਨਾਟਕ ਦੇ ਰੂਪ ਵਿੱਚ ਹੀ ਦੇਖ ਰਹੇ ਹਾਂ ਕਿਉਂ ਕਿ ਇਸ ਦਾ ਪ੍ਰਕਾਸ਼ਨ ਇਸੇ ਹੀ ਹਵਾਲੇ ਨਾਲ ਕੀਤਾ ਗਿਆ ਹੈ। ਇਹ ਪੰਜਾਬੀ ਦੇ ਉਨ੍ਹਾਂ ਗਿਣੇ-ਚੁਣੇ ਨਾਟਕਾਂ ਵਿਚੋਂ ਇੱਕ ਹੈ, ਜਿਹੜੇ ‘ਪੰਜਾਬੀਅਤ’ ਨੂੰ ਇੱਕ ਨਾਇਕ ਦੇ ਰੂਪ ਵਿੱਚ ਚਿੱਤਰਣ ਕੋਸ਼ਿਸ਼ ਕਰਦੇ ਹਨ। ਲੇਖਕ ਨੇ ਲਗਪਗ ਡੇਢ ਦਹਾਕਾ ਪਹਿਲਾਂ ਆਏ ਹੜ੍ਹਾਂ ਦੇ ਪ੍ਰਸੰਗ ਵਿਚ ਪੰਜਾਬ ਦੇ ਲੋਕਾਂ ਦੀ ਬਹਾਦਰੀ, ਇੱਕ ਦੂਸਰੇ ਦੇ ਕੰਮ ਆਉਣ ਦੀ ਇੱਛਾ ਅਤੇ ਹਰ ਮੁਸੀਬਤ ਤੋਂ ਬਾਅਦ ਇੱਕ ਨਵੇਂ ਵੇਗ ਨਾਲ ਜ਼ਿੰਦਗੀ ਨੂੰ ਪੁਨਰ-ਸਿਰਜਣ ਦੇ ਮੋਹ ਨੂੰ ਪੇਸ਼ ਕੀਤਾ ਹੈ। ਨਾਟਕ ਦੇ ਨਾਮ ਵਿਚ ਅਤੇ ਆਰੰਭਕ ਵਾਰਤਾਲਾਪ ਵਿੱਚ ਹੀ ਉਹ ਆਪਣੀ ਰਚਨਾ ਦੇ ਮੂਡ ਨੂੰ ਸਥਾਪਿਤ ਕਰ ਜਾਂਦਾ ਹੈ। ਉਹ ਪੰਜਾਬ ਨੂੰ ਇਕ ਅਖਾੜਾ ਆਖ ਕੇ ਦੱਸਦਾ ਹੈ ਕਿ ਹਰ ਅਖਾੜੇ ਦਾ ਇੱਕ ਵਿਲੱਖਣ ਸੁਭਾਅ ਹੈ ਅਤੇ ਉਸੇ ਸੁਭਾਅ ਮੁਤਾਬਿਕ ਉੱਥੋਂ ਦੇ ਲੋਕ ਜੀਊਂਦੇ ਹਨ। ਅਸੀਂ ਇਕ ਅਜਿਹਾ ‘ਟਿੱਲਾ’ ਹਾਂ, ਜਿਸ ਉੱਤੇ ਇੱਥੋਂ ਦੇ ਸਾਈਂ ਲੋਕਾਂ ਦੀ ਮਿਹਰ ਹੈ ਅਤੇ ਅਸੀਂ ਇਸੇ ਹੀ ਟਿੱਲੇ ਕਾਰਨ ਬਹੁਤ ਸਾਰੇ ਦੁਨਿਆਵੀ ਹੜ੍ਹਾਂ ਵਿਚੋਂ ਬਚ ਨਿੱਕਲਦੇ ਹਾਂ ਅਤੇ ਆਪਣੀਆਂ ਵਿੱਥਾਂ-ਵਿਤਕਰੇ ਭੁੱਲ ਕੇ ਇਸ ਸਾਈਂ ਦੇ ਟਿੱਲੇ ਦਾ ਆਸਰਾ ਲੈ ਲੈਂਦੇ ਹਾਂ। ਹੜ੍ਹ ਨੂੰ ਨਾਟਕਕਾਰ ਨੇ ਇੱਕ ਕੁਦਰਤੀ ਆਫ਼ਤ ਦੇ ਨਾਲ-ਨਾਲ, ਮਹੱਤਵਪੂਰਨ ਮੈਟਾਫਰ ਦੇ ਰੂਪ ਵਿੱਚ ਵੀ ਚਿੱਤਰਿਆ ਹੈ। ਇਹੋ ਜਿਹੇ ਮੈਟਾਫਰ ਨੂੰ ਮੰਚੀ ਨਾਟਕ ਵਿੱਚ ਨਿਭਾਉਣਾ ਬਹੁਤਾ ਸਰਲ ਕਾਰਜ ਨਹੀਂ ਹੈ।ਮੋਹਨ ਰਾਕੇਸ਼ ਦੇ ‘ਪੈਰ ਤਲੇ ਕੀ ਜ਼ਮੀਨ’ ਦੀ ਮਿਸਾਲ ਸਾਡੇ ਸਾਹਮਣੇ ਹੈ। ਬਖ਼ਸ਼ਿੰਦਰ ਨੇ ਇਹ ਯਤਨ ਵੀ ਕੀਤਾ ਹੈ ਕਿ ਨੌਜਵਾਨ ਮੁੰਡਿਆਂ-ਕੁੜੀਆਂ ਦੇ ਇਸ਼ਕ ਅਤੇ ਭਾਈਚਾਰੇ ਦੀਆਂ ਤ੍ਰੇੜਾਂ ਦੀਆਂ ਸਮੱਸਿਆਵਾਂ ਨੂੰ ਵੀ ਹੜ੍ਹ ਦੇ ਮਹਾਂ ਮੈਟਾਫਰ ਵਿੱਚ ਸਮੇਟਿਆ ਜਾ ਸਕੇ। ਅਸੀਂ ਉਸ ਦੇ ਬਹੁਤ ਸਟੀਕ, ਤਿੱਖੇ ਅਤੇ ਡੂੰਘੇ ਵਾਰਤਾਲਾਪਾਂ ਦੀ ਵੀ ਸਿਫ਼ਤ ਕਰਨੀ ਚਾਹੁੰਦੇ ਹਾਂ। ਚੱਲ ਰਹੇ ਟੀ ਵੀ ਉੱਤੇ ਖ਼ਬਰਾਂ ਰਾਹੀਂ ਜਗਤਾਰ ਦੀ ਮੌਤ ਦੀ ਸੂਚਨਾ ਅਤੇ ਉਸੇ ਸਮੇਂ ਅਸਮਾਨੀ ਬਿਜਲੀ ਦੇ ਕੜਕਣ ਨਾਲ ਪਿੰਡ ਦੀ ਬਿਜਲੀ ਦਾ ਚਲੇ ਜਾਣਾ ਅਤੇ ਹਨ੍ਹੇਰ ਛਾ ਜਾਣਾ ਇੱਕ ਲਾਜਵਾਬ ਨਾਟਕੀ ਪ੍ਰਸਥਿਤੀ ਹੈ। ਇਵੇਂ ਹੀ ਸਿਮਰੋ ਦਾ ਸੁਪਨਾ, ਜੋ ਉਹ ਨਿੰਮੋ ਨਾਲ ਸਾਂਝਾ ਕਰਦੀ ਹੈ, ਆਪਣੇ ਗਰਭ ਵਿੱਚ ਸਾਰਥਕਤਾ ਵੀ ਸਮੋਈ ਬੈਠਾ ਹੈ ਅਤੇ ਸਮੁੱਚੇ ਨਾਟਕ ਦੇ ਮੁਹਾਵਰੇ ਦਾ ਇੱਕ ਅਟੁੱਟ ਅੰਗ ਵੀ ਬਣਦਾ ਹੈ। ਸਾਰੇ ਨਾਟਕ ਵਿੱਚ ਨਾਟਕਕਾਰ ਨੇ ਆਪਣੇ ਸੁਰ ਨੂੰ ਕਾਫ਼ੀ ਮੱਧਮ ਰੱਖਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੰਜਾਬੀ ਨਾਟਕ ਦੇ ਹਵਾਲੇ ਨਾਲ ਇਹ ਆਪਣੇ-ਆਪ ਵਿਚ ਇੱਕ ਪ੍ਰਾਪਤੀ ਹੈ।
ਫਿਰ ਵੀ ਸੁਝਾਅ ਵਜੋਂ ਅਸੀਂ ਇਹ ਕਹਾਂਗੇ ਕਿ ਬਖ਼ਸ਼ਿੰਦਰ ਦੀ ਇਸ ਨਾਟ ਰਚਨਾ ਵਿੱਚ ਉਸ ਦੀਆਂ ਘਟਨਾਵਾਂ ਦਾ ਸੰਪਾਦਨ ਉਨਾ ਕਲਾਤਮਕ ਅਤੇ ਤਿੱਖਾ ਨਹੀਂ ਜਿੰਨਾ ਕਿ ਬਾਕੀ ਨਾਟਕਾਂ ਵਿੱਚ ਹੈ। ਇਸੇ ਕਰ ਕੇ ਹੜ੍ਹ ਦੇ ਮੈਟਾਫਰ ਉੱਤੇ ਨੌਜਵਾਨ ਜੋੜਿਆਂ ਦੇ ਇਸ਼ਕ ਦਾ ਤੱਤ ਵਧੇਰੇ ਭਾਰੂ ਹੋ ਗਿਆ ਹੈ। ਹੋ ਸਕਦਾ ਹੈ ਕਿ ਪ੍ਰਸਤੁਤ ਰੂਪ ਵਿਚ ਕੁੱਝ ਦਰਸ਼ਕਾਂ ਨੂੰ ਇਹ, ਇਸੇ ਕਰ ਕੇ ਇੱਕ ਖੰਡਿਤ ਅਤੇ ਵਿਸ਼ਿਆਂ ਨੂੰ ਰਲਗਡ ਕਰਨ ਵਾਲੀ ਨਾਟ-ਰਚਨਾ ਪ੍ਰਤੀਤ ਹੋਵੇ। ਨਾਟਕ ਦਾ ਅੰਤ ਵੀ ਬਹੁਤ ਜ਼ਿਆਦਾ ਸੁਝਾਊ ਹੈ; ਸ਼ਾਇਦ ਟੈਲੀ ਨਾਟਕ ਦੀਆ ਲੋੜਾਂ ਅਤੇ ਸਮਰੱਥਾ ਦੇ ਹਾਣ ਦਾ। ਪੰਜਾਬੀ ਰੰਗਮੰਚ ਵਿਚ ਇੰਨਾ ਸੂਖਮ ਅੰਤ ਜੇ ਆਪਣਾ ਮੰਚੀ ਪ੍ਰਭਾਵ ਬਣਾ ਸਕੇ ਤਾਂ ਬਖ਼ਸ਼ਿੰਦਰ ਦੋਹਰੀ ਮੁਬਾਰਕ ਦਾ ਹੱਕਦਾਰ ਹੈ।
ਇਨ੍ਹਾਂ ਸ਼ਬਦਾਂ ਨਾਲ ਮੈਂ ਬਖ਼ਸ਼ਿੰਦਰ ਦੀ ਪੁਸਤਕ ‘ਸਭ ਤੋਂ ਗੰਦੀ ਗਾਲ਼’ ਦੇ ਪ੍ਰਕਾਸ਼ਨ ਦਾ ਸਵਾਗਤ ਕਰ ਕੇ ਉਸ ਨੂੰ ਉਸ ਦੀ ਕਲਾ ਅਤੇ ਸਮਾਜਿਕ ਵਾਬਸਤਗੀ ਉਤੇ ਵਧਾਈ ਦੇਂਦਾ ਹਾਂ। ਪਹਿਲੇ ਸੁਝਾਅ ਵਜੋਂ ਇਹੀ ਕਹਾਂਗਾ ਕਿ ਤਕਨੀਕ ਨੂੰ ਅਨੁਭਵ ਵਿੱਚ ਹੋਰ ਵੀ ਜ਼ਿਆਦਾ ਗੁੰਨਿਆ ਜਾ ਸਕਦਾ ਹੈ। ਦੂਸਰਾ ਸੁਝਾਅ ਇਹ ਹੈ ਕਿ ਉਸ ਨੂੰ ਹਰ ਰੂਪ-ਵਿਧਾ ਦੇ ਨਾਟਕਾਂ ਨੂੰ ਵੱਖਰੇ ਰੂਪ ਵਿੱਚ ਸੋਚਣ, ਲਿਖਣ ਅਤੇ ਪ੍ਰਕਾਸ਼ਿਤ ਕਰਨ ਦੀ ਲੋੜ ਹੈ। ਉਸ ਨੂੰ ਨਾਟਕਕਾਰੀ ਦੀਆਂ ਸਾਰੀਆਂ ਜੁਗਤਾਂ ਦਾ ਗਿਆਨ ਹੈ। ਲੋੜ ਹੈ ਕਿ ਉਹ ਆਪਣੇ ਗਿਆਨ ਅਤੇ ਧਿਆਨ ਨੂੰ ਵਧੇਰੇ ਸੰਤੁਲਨ ਤੇ ਸਮਾਂ ਦੇਵੇ। ਭਵਿੱਖ ਉਸ ਦੇ ਨਾਲ ਹੋਵੇਗਾ। #                                
-ਆਤਮਜੀਤ

ਵਾਹ ਤਾਜ ਨਹੀਂ ਹਜ਼ੂਰ, ਵਾਹ ਸਰਤਾਜ ਕਹੋ!

ਬੰਗਾ ਵਿਚ ‘ਡੌਲਫਿਨ ਕਲੱਬ’ ਦੀ ਮਹਿਫ਼ਿਲ ਵਿਚ ਸ਼ਰੀਕ ਹੋਣ ਤੋਂ ਬਾਅਦ ‘ਸਿਟੀ ਕਲੱਬ’ ਵਿਚ ਇਕ ਮੁਲਾਕਾਤ ਸਮੇਂ ਡਾਕਟਰ ਸਤਿੰਦਰ ਸਰਤਾਜ ਅਤੇ ਬਖ਼ਸ਼ਿੰਦਰ 
ਕੋਈ ਦੋ ਕੁ ਸਾਲਾਂ ਤੋਂ ਸੰਗੀਤ-ਸੰਸਾਰ ਵਿਚ ਇਕ ਡਾਕਟਰ ਦੇ ਨਾਂ ਦਾ ਬੜਾ ਰੌਲ਼ਾ ਜਿਹਾ ਪਿਆ ਹੋਇਆ ਹੈ ਤੇ ਪਿਛਲੇ ਸਾਲ ਕੁ ਭਰ ਤੋਂ ਇਹ ਰੌਲ਼ਾ ਕੁੱਝ ਬਹੁਤਾ ਹੀ ਨਹੀਂ, ਸਗੋਂ ਬਹੁਤਾ ਹੀ ਉੱਚਾ ਵੀ ਹੋ ਗਿਆ ਹੈ। ਇਹ ਰੌਲ਼ਾ ਇੰਟਰਨੈੱਟ ਰਾਹੀਂ ਪੈਣਾ ਸ਼ੁਰੂ ਹੋਇਆ ਸੀ। ਮੇਰੇ ਪਾਠਕਾਂ ਦੀ ਭੋਲ਼ੀ-ਭਾਲੀ ਕੌਮ, ਖ਼ੌਰੇ ਇਹੋ ਸੋਚੀ ਜਾਂਦੀ ਹੋਣੀ ਹੈ ਕਿ ਮੇਰੇ ਕੋਲੋਂ ਕੋਈ ਗ਼ਲਤੀ ਹੋ ਗਈ ਹੈ, ਜਿਹੜਾ ਮੈਂ ਸੁਰ-ਸੰਸਾਰ ਵਿਚ ਰੌਲ਼ਾ ਪੈਣ ਦੀ ਗੱਲ ਇਕ ਡਾਕਟਰ ਨਾਲ ਜੋੜ ਦਿੱਤੀ ਹੈ। ਨਹੀਂ, ਮੇਰੀ ਪਿਆਰੀ ਪਾਠਕਾਂ ਵਾਲ਼ੀ ਸਰਕਾਰ, ਜੇ ਫ਼ਿਲਮਾਂ ਵਿਚ ਅਦਾਕਾਰੀ ਦੇ ਮਾਮਲੇ ’ਚ ਡਾਕਟਰ ਸ਼੍ਰੀਰਾਮ ਲਾਗੂ ਅਤੇ ਡਾਕਟਰ ਮਨਮੋਹਨ ਕ੍ਰਿਸ਼ਨ ਅਤੇ ਸਕਰਿਪਟ ਲਿਖਣ ਦੇ ਮਾਮਲੇ ਵਿਚ ਡਾਕਟਰ ਰਾਹੀ ਮਾਸੂਮ ਰਜ਼ਾ ਦਾ ਰੌਲ਼ਾ ਪੈ ਸਕਦਾ ਹੈ ਤਾਂ ਸੰਗੀਤ ਦੇ ਮਾਮਲੇ ਵਿਚ ਕਿਸੇ ਡਾਕਟਰ ਦਾ ਰੌਲਾ ਕਿਉਂ ਨਹੀਂ ਪੈ ਸਕਦਾ, ਉਹ ਵੀ ਉਦੋਂ, ਜਦੋਂ ਉਹ ਡਾਕਟਰ ਹੋਵੇ ਵੀ ਸੰਗੀਤ ਸ਼ਾਸਤਰ ਦਾ।
ਹੁਣ ਕੋਈ ਇਹ ਨਾ ਪੁੱਛੇ ਪਈ ਭਲਾ ਕੋਈ ਸੰਗੀਤ ਦਾ ਡਾਕਟਰ ਕਿੱਦਾਂ ਹੋ ਸਕਦਾ ਹੈ ਜਾਂ ਭਲਾ ਸੰਗੀਤ ਵੀ ਕੋਈ ਬਿਮਾਰੀ ਹੈ। ਮੈਂ ਸੰਗੀਤ ਦੇ ਜਿਸ ਡਾਕਟਰ ਦੀ ਗੱਲ ਕਰ ਰਿਹਾ ਹਾਂ, ਉਸ ਦਾ ਨਾਂ ਸਤਿੰਦਰ ਸਰਤਾਜ ਹੈ। ਕੋਈ ਆਪ ਹੀ ਆਪਣਾ ਨਾਮ, ਉਪਨਾਮ ਜਾਂ ਤਖ਼ੱਲਸ ‘ਸਰਤਾਜ’ ਰੱਖ ਲਵੇ ਤਾਂ ਉਸ ਨੂੰ ਵੀਹ ਥਾਂਈਂ ਇਸ ਬਾਰੇ ਚੁੰਝ-ਚਰਚਾ ਸਹਿਣੀ ਸਕਦੀ; ਹੈ, ਪਰ ਸਤਿੰਦਰ ਦੇ ਨਾਂ ਪਿੱਛੇ ਲੱਗਿਆ ਹੋਇਆ ‘ਸਰਤਾਜ’, ਚੁੰਝ-ਚਰਚਾ ਵਿਚ ਆਉਣ ਦੀ ਥਾਂ, ਹੋਰ ਵੀ ਸਾਰਥਕ ਹੋ ਗਿਆ ਹੈ।
ਜਿੱਦਾਂ ਕਿਸੇ ਪ੍ਰੋਗਰਾਮ ਜਾਂ ਕਿਸੇ ਮੈਚ ਦੇ ਪ੍ਰਸਾਰਣ ਦੌਰਾਨ ਮੇਜ਼ਬਾਨ ਜਾਂ ਕੰਮੈਂਟੇਟਰ ਘੜੀ ਮੁੜੀ ਕਿਹਾ ਕਰਦੇ ਹਨ: “ਜਿਨ ਲੋਗੋਂ ਨੇ ਅਭੀ-ਅਭੀ ਅਪਨੇ ਟੀ.ਵੀ. ਸੈੱਟਸ ਆਨ ਕੀਏ ਹੈਂ ਯਾ ਜੋ ਦਰਸ਼ਕ ਗਣ ਅਭੀ-ਅਭੀ ਹਮਾਰੇ ਸਾਥ ਸ਼ਰੀਕ ਹੂਏ ਹੈਂ, ਉਨ ਕੋ ਬਤਾਦੇਂ ਕਿ....”, ਬਿਲਕੁਲ ਉਸੇ ਹੀ ਤਰ੍ਹਾਂ ਅਸੀਂ ਆਪਣੇ ਉਨ੍ਹਾਂ ਪਾਠਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਪੰਜਾਬੀ ਗੀਤ-ਸੰਗੀਤ ਦੇ ਸ਼ੋਰ ਅਤੇ ਪ੍ਰਦੂਸ਼ਣ ਤੋਂ ਅੱਕ ਕੇ ਰੇਡੀਓ ਸੁਣਨਾ ਬੰਦ ਕੀਤਾ ਹੋਇਆ ਹੈ ਜਾਂ ਜਿਨ੍ਹਾਂ ਨੇ ਆਪਣੀਆਂ ਕਾਰਾਂ ਵਿਚੋਂ ਰੇਡੀਓ ਸੈੱਟ ਅਤੇ ਸਟੀਰੀਓ ਲੁਹਾ ਕੇ ਸਟੋਰਾਂ ਵਿਚ ‘ਦਫ਼ਨਾਏ’ ਹੋਏ ਹਨ, ਉਹ ਆਪਣੇ ਉਹ ਸੈੱਟ ਝਾੜ-ਬਣਾ ਕੇ, ਸਾਫ ਕਰਾ ਕੇ ਯਾਨੀ ਨਵੇਂ ਸਿਰਿਓਂ ‘ਜੀਉਂਦੇ’ ਕਰਾ ਕੇ, ਫਿਰ ਆਪਣੀਆਂ ਕਾਰਾਂ ਅਤੇ ਡਰਾਇੰਗ ਰੂਮਾਂ ਵਿਚ ਲੁਆ ਲੈਣ ਕਿਉਂ ਕਿ ਸੰਗੀਤ ਦੇ ਮਾਮਲੇ ਵਿਚ, ਖ਼ਾਸ ਤੌਰ ’ਤੇ ਪੰਜਾਬੀ ਸੰਗੀਤ ਦੇ ਮਾਮਲੇ ਵਿਚ ਸੱਜਰੀ ਹਵਾ ਦਾ ਇਕ ਬੁੱਲਾ ਆ ਗਿਆ ਹੈ, ਜਿਸ ਦਾ ਨਾਂ ਹੈ ਡਾਕਟਰ ਸਤਿੰਦਰ ਸਰਤਾਜ।
ਕਹਿੰਦੇ ਹਨ ਕਿ ਕਿਸੇ ਗੱਲ ਦੇ ਸੱਚੀ ਹੋਣ ਦਾ ਵੱਡਾ ਸਬੂਤ, ਉਸ ਨੂੰ ਆਪਣੀਂ ਅੱਖੀਂ ਦੇਖਣਾ ਜਾਂ ਆਪਣੇ ਕੰਨੀਂ ਸੁਣਨਾ ਹੁੰਦਾ ਹੈ, ਪਰ ਅੱਜ ਕੱਲ੍ਹ ਇਹ ਵੀ ਕਿਹਾ ਜਾਣ ਲੱਗ ਪਿਆ ਹੈ ਕਿ ਬਹੁਤੀ ਵਾਰੀ ਸੱਚ ਉਹੀ ਨਹੀਂ ਹੁੰਦਾ, ਜੋ ਅੱਖਾਂ ਨੂੰ ਦਿਸਦਾ ਹੁੰਦਾ ਹੈ ਅਤੇ ਕੰਨਾਂ ਨੂੰ ਸੁਣਦਾ ਹੁੰਦਾ ਹੈ ਕਿਉਂ ਕਿ ਕਈ ਵਾਰੀ ਸੱਚ ਰੂਪੋਸ਼ ਯਾਨੀ ‘ਅੰਡਰਗਰਾਊਂਡ’ ਵੀ ਹੁੰਦਾ ਹੈ। ਸੱਚ ਵਲੋਂ ਝੂਠ ਦਾ ਤੇ ਝੂਠ ਵਲੋਂ ਸੱਚ ਦਾ ਭੇਸ ਧਾਰਨ ਦੀਆਂ ਖ਼ਬਰਾਂ ਤਾਂ ਅਖ਼ਬਾਰਾਂ ਵਿਚ ਨਿੱਤ ਛਪਦੀਆਂ ਰਹਿੰਦੀਆਂ ਹਨ।
ਗੱਲ ਹੋਰ ਹੀ ਪਾਸੇ ਨਾ ਮੁੜ ਜਾਵੇ, ਇਸ ਲਈ ਮੋੜਾ ਪਾਉਣਾ ਹੀ ਬਿਹਤਰ ਹੈ। ਹਾਂ, ਤੇ ਗੱਲ ਹੋ ਰਹੀ ਸੀ ਸੰਗੀਤ ਤੇ ਉਸ ਦੇ ਇਕ ਡਾਕਟਰ ਯਾਨੀ ਸਤਿੰਦਰ ਸਰਤਾਜ ਦੀ ਤੇ ਉਸ ਨੂੰ ਗਾਉਂਦਾ ਆਪਣੀਂ ਅੱਖੀਂ ਦੇਖਣ ਦੀ ਤੇ ਆਪਣੇ ਕੰਨੀਂ ਸੁਣਨ ਦੀ। ਪਿਛਲੇ ਦਿਨੀਂ ਮੈਂ ਡਾਕਟਰ ਸਤਿੰਦਰ ਸਰਤਾਜ ਨੂੰ ਇਕ ਮਹਿਫ਼ਿਲ ਵਿਚ ਗਾਉਂਦੇ ਨੂੰ, ਉਸ ਦੇ ਬਿਲਕੁਲ ਸਾਹਮਣੇ ਬੈਠ ਕੇ ਸੁਣਿਆ। ਇਹ ਮੌਕਾ ਸੀ, ‘ਡੌਲਫਿਨ ਕਲੱਬ, ਬੰਗਾ’ ਵਲੋਂ ਗੁਰੂ ਨਾਨਕ ਕਾਲਜ, ਬੰਗਾ ਦੇ ਮੈਦਾਨ ਵਿਚ ਡਾਕਟਰ ਸਰਤਾਜ ਨੂੰ ਸਰੋਤਿਆਂ ਦੇ ਸਾਹਮਣੇ ਲਿਆਉਣ ਦਾ।
ਸਤਿੰਦਰ ਸਰਤਾਜ ਗਾਇਨ-ਕਲਾ ਦਾ ਉਹ ਸੂਰਜ ਹੈ, ਜਿਸ ਨੂੰ ਇਸ ਕਲਾ ਦੇ ਅੰਬਰ ਵਿਚ ਚੜ੍ਹਨ ਲਈ, ਆਪਣੀ ਧਰਤੀ, ਆਪਣੀ ਮਿੱਟੀ ਅਤੇ ਆਪਣੇ ਹਿੱਸੇ ਦਾ ਆਕਾਸ਼ ਤਕ ਛੱਡਣਾ ਪਿਆ। ਮੈਨੂੰ ਸਭ ਤੋਂ ਪਹਿਲਾਂ ਸਤਿੰਦਰ ਦਾ ਇਲਮ, ਇੰਟਰਨੈੱਟ ਰਾਹੀਂ ਮਿਲੇ ਇਕ ਸੁਨੇਹੇ ਤੋਂ ਹੋਇਆ ਸੀ। ਉਸ ਸੁਨੇਹੇ ਦੀ ਇਬਾਰਤ ਕੁੱਝ ਇਸ ਤਰ੍ਹਾਂ ਸੀ: “ਜਨਾਬ ਡਾ. ਸਤਿੰਦਰ ਸਰਤਾਜ ਦੀ ਮਹਿਫ਼ਿਲ-ਵੇਖਾਂਗੇ।” ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਮੈਂ ਇਹ ਸੁਨੇਹਾ ਪੜ੍ਹ ਕੇ ਰਤਾ ਕੁ ਖਿਝ ਕੇ ਕਿਹਾ ਸੀ, “ਜੋ ਮਰਜ਼ੀ ਦੇਖੋ, ਸਾਨੂੰ ਕਿਉਂ ਦੱਸਦੇ ਹੋ?”
ਫਿਰ ਕੁੱਝ ਅਰਸੇ ਬਾਅਦ ਮੈਂ ਕਿਤੇ ਸਤਿੰਦਰ ਸਰਤਾਜ ਵਲੋਂ ਗਾਇਆ ਹੋਇਆ ਇਕ ਰਿਕਾਰਡਿਡ ਗੀਤ ‘ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਝੱਖੜ ਝੁੱਲੂ ਵੇਖਾਂਗੇ...’ ਸੁਣਿਆ ਤਾਂ ਮੈਨੂੰ ਨੈੱਟ ਰਾਹੀਂ ਆਏ ਉਸ ਸੁਨੇਹੇ ਦੀ ਸਮਝ ਆਈ। ਜਦੋਂ ਉਹ ਸੁਨੇਹਾ ਮਿਲਿਆ ਸੀ, ਮੈਂ ਉਸ ਨੂੰ ਸਮਝ ਨਹੀਂ ਸਕਿਆ ਸਾਂ ਕਿਉਂ ਕਿ ਉਹ ਸੁਨੇਹਾ ਸਮਝਾਉਣ ਦੀ ਥਾਂ ਉਲਝਾਉਂਦਾ ਜ਼ਿਆਦਾ ਲੱਗਿਆ ਸੀ। ਉਦੋਂ ਮੇਰੇ ਦਿਮਾਗ਼ ਵਿਚ ਇਹ ਵੀ ਆਇਆ ਸੀ ਕਿ ਕੋਈ ਡਾਕਟਰ ਹੈ ਬੇਚਾਰਾ, ਜੋ ਨੰਬਰਾਂ-ਨੁੰਬਰਾਂ ਦੇ ਬੇਸ ’ਤੇ ਕੈਨੇਡਾ ਚਲੇ ਤਾਂ ਗਿਆ ਹੈ, ਪਰ ਉੱਥੇ ਉਸ ਦਾ ਕੰਮ ਨਹੀਂ ਚੱਲਿਆ, ਜਿਸ ਕਰ ਕੇ ਉਸ ਨੇ ‘ਜੋ ਲੋਗ ਕੁੱਛ ਨਹੀਂ ਕਰਤੇ, ਕਮਾਲ ਕਰਤੇ ਹੈਂ’ ਦੀ ਤਰਜ਼ ’ਤੇ ਹੋਰ ਕੁੱਝ ਨਾ ਸਹੀ ਤਾਂ ਗਾਇਕ ਹੀ ਬਣ ਜਾਂਦੇ ਹਾਂ, ਸੋਚ ਕੇ ਗਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਸਭ ਕੁੱਝ ਮਿਲਾ ਲਿਆ ਜਾਵੇ ਤਾਂ ਮੇਰੇ ਮਨ ਵਿਚ ਇਹੋ ਜੋੜ ਬਣਿਆ ਸੀ ਕਿ ਡਾਕਟਰੀ ਚੱਲੀ ਨਹੀਂ ਬੇਚਾਰੇ ਦੀ, ਜਿਸ ਕਰ ਕੇ ਅਗਲੇ ਨੇ ਗਲ ’ਚੋਂ ਸਟੈਥੋਸਕੋਪ ਕੱਢ ਕੇ ਹੱਥ ਵਿਚ ਡੱਫਲੀ ਜਾਂ ਤੂੰਬੀ ਫੜ ਲਈ ਹੋਣੀ ਹੈ। ਕੁੱਝ ਅਰਸੇ ਲਈ ਇਹ ਗੱਲ ਆਈ-ਗਈ ਹੋ ਗਈ।
ਇਕ ਦਿਨ, ਕੈਨੇਡਾ ’ਚ ਸਰੀ ਦੇ ਰੇਡੀਓ ‘ਰੈੱਡ ਐੱਫ ਐੱਮ’ ਵਿਚ ਕੰਮ ਕਰਦੀ ਮੇਰੀ ਧੀ ਨਵਜੋਤ ਵਲੋਂ ਇਕ ਮੇਲ ਆਈ, ਜਿਸ ਵਿਚ ਉਸ ਨੇ ਇਕ ਗਾਇਕ ਦਾ ਜ਼ਿਕਰ ਕਰ ਕੇ, ਉਸ ਦੇ ਰੇਡੀਓ ਦੀ ਵੈੱਬਸਾਈਟ ’ਤੇ ਪਈ ਇਕ ਪ੍ਰੋਗਰਾਮ ਦੀ ਰਿਕਾਰਡਿੰਗ ਸੁਣਨ ਲਈ ਕਿਹਾ ਸੀ। ਮੈਂ ਉਸੇ ਵੇਲ਼ੇ ਉਹ ਸਾਈਟ ਖੋਲ੍ਹ ਕੇ ਉਹ ਰਿਕਾਰਡਿੰਗ ਸੁਣਨ ਲੱਗਿਆ। ਇਕ ਵਾਰ ਸੁਣ ਕੇ ਮੈਂ ਉਹ ਰਿਕਾਰਡਿੰਗ ਦੁਬਾਰਾ ਸੁਣੀ ਤੇ ਫਿਰ ਆਪਣੀ ਧੀ ਨੂੰ ਮੇਲ ਕਰ ਕੇ ਉਸ ਵਲੋਂ ਇਕ ਬਹੁਤ ਹੀ ਗੁਣੀ ਬੰਦੇ ਨਾਲ ਇਕ ਵਧੀਆ ਇੰਟਰਵਿਊ ਕਰਨ ’ਤੇ ਉਸ ਨੂੰ ਵਧਾਈ ਦਿੱਤੀ। ਜਿਸ ਗਾਇਕ ਨਾਲ ਕੀਤਾ ਹੋਇਆ ਉਹ ਇੰਟਰਵਿਊ ਮੈਂ ਉੱਪਰੋਥਲੀ ਦੋ ਵਾਰ ਸੁਣਿਆ, ਉਹ ਹੋਰ ਕੋਈ ਨਹੀਂ, ਡਾਕਟਰ ਸਤਿੰਦਰ ਸਰਤਾਜ ਹੀ ਸੀ।
ਫਿਰ ਪਿਛਲੇ ਸਾਲ ਜਦੋਂ ਮੈਂ ਫਿਰ ਕੈਨੇਡਾ ਗਿਆ ਤਾਂ ਉੱਥੋਂ ਦੀ ਫ਼ਿਜ਼ਾ ਵਿਚ ‘ਸਤਿੰਦਰ ਸਰਤਾਜੀਅਤ’ ਭਰੀ ਹੋਈ ਸੀ ਜਾਂ ‘ਸਰਤਾਜੀਆ ਸਤਿੰਦਰੀ’ ਛਾਈ ਹੋਈ ਤੇ ਸਾਰਾ ਹੀ ਕੈਨੇਡਾ ‘ਸਤਿੰਦਰ ਸਰਤਾਜਾਨਾ’ ਹੋਇਆ ਪਿਆ ਸੀ। ਮੈਂ ਜਿੱਥੇ ਵੀ ਗਿਆ, ਪਤਾ ਨਹੀਂ ਕਿੱਦਾਂ, ਗੱਲ ਘੁੰਮ-ਘੁਮਾ ਕੇ ਸਤਿੰਦਰ ਸਰਤਾਜ ਵੱਲ ਮੁੜ ਜਾਂਦੀ। ਜਿਸ ਬੰਦੇ ਨੂੰ ਕਦੇ ਸੰਗੀਤ ਦੇ ਨੇੜੇ ਢੁੱਕਦਾ ਵੀ ਨਹੀਂ ਦੇਖਿਆ ਸੀ, ਉਹ ਵੀ ਸਰਤਾਜ ਦਾ ਗੁਣਗਾਨ ਕਰ ਰਿਹਾ ਸੀ। ਫਿਰ ਵਤਨ ਪਰਤ ਕੇ ਮੈਂ ਸੁਣਿਆ ਕਿ ਲੁਧਿਆਣਾ ਵਿਚ ਹੋਈ, ਸਤਿੰਦਰ ਸਰਤਾਜ ਦੀ ਇਕ ਮਹਿਫ਼ਿਲ ਵਿਚ ਪੰਜਾਬੀ ਦੇ ਕਈ ਉਹ ਨਾਮਵਰ ਗਾਇਕ ਨੱਚ ਕੇ ਗਏ, ਜੋ ਕਈ ਸਾਲਾਂ ਤੋਂ ਆਪਣੇ ਗੀਤਾਂ ਤੇ ਗਾਉਣ-ਕਲਾ ਨਾਲ ਲੋਕਾਂ ਨੂੰ ਨਚਾਉਂਦੇ ਆ ਰਹੇ ਸਨ।
ਹਾਂ, ਸੱਚ ਨੱਚਣ-ਨਚਾਉਣ ਤੋਂ ਚੇਤੇ ਆ ਗਿਆ ਕਿ ਸਤਿੰਦਰ ਸਰਤਾਜ ਬੈਠ ਕੇ ਯਾਨੀ ਮਹਿਫ਼ਿਲੀ ਅੰਦਾਜ਼ ਵਿਚ ਗਾਉਂਦਾ ਹੈ ਤੇ ਉਸ ਦੇ ਸੰਗੀਤ ਪ੍ਰੋਗਰਾਮ ਨੂੰ ‘ਮਹਿਫ਼ਿਲ’ ਹੀ ਕਿਹਾ ਜਾਂਦਾ ਹੈ। ਮਹਿਫ਼ਿਲੀ ਅੰਦਾਜ਼ ਵਿਚ ਗਾਉਣ ਤੋਂ ਇਹ ਭਰਮ ਪੈਣ ਦੀ ਗੁੰਜਾਇਸ਼ ਕਾਫੀ ਰਹਿੰਦੀ ਹੈ ਕਿ ਉਸ ਦੀ ਮਹਿਫ਼ਿਲ ਵਿਚ ਨੱਚਣ ਦੀ ਜਾਂ ਸੀਟੀਆਂ ਮਾਰਨ ਦੀ ਮਨਾਹੀ ਹੁੰਦੀ ਹੋਵੇਗੀ। ਮੈਂ ਉਸ ਦੀ ਮਹਿਫ਼ਿਲ ਵਿਚ ਦੇਖਿਆ ਕਿ ਉਸ ਦੇ ਗਾਉਣ ’ਤੇ ਨੱਚਣ ਦੀ, ਸੀਟੀਆਂ ਮਾਰਨ ਦੀ ਕੋਈ ਮਨਾਹੀ ਨਹੀਂ, ਸਗੋਂ ਜਦੋਂ ਉਹ ਗਾਉਂਦਾ ਹੈ ਤੇ ਗਾ ਕੇ ਰੰਗ ਬੰਨ੍ਹਦਾ ਹੈ ਤਾਂ ਪਤਾ ਹੀ ਹੀਂ ਲੱਗਦਾ ਕਿ ਪੈਰ ਕਦੋਂ ਹਰਕਤ ਵਿਚ ਆ ਜਾਂਦੇ ਹਨ ਜਾਂ ਸੀਟੀਆਂ ਕਦੋਂ ਬੁੱਲ੍ਹਾਂ ਵਿਚੋਂ ‘ਰਿਹਾਅ’ ਹੋਣ ਲੱਗ ਪੈਂਦੀਆਂ ਹਨ। ਸਤਿੰਦਰ ਤੇ ਉਸ ਦਾ ਗਾਇਨ ਲੋਕਾਂ ਨੂੰ ਨਚਾਉਂਦੇ ਹਨ ਤਾਂ ਉਸ ਦਾ ਆਲਮ ਵੀ ਨਿਰਾਲਾ ਹੀ ਹੁੰਦਾ ਹੈ। ਸਤਿੰਦਰ ਬੈਠ ਕੇ ਗਾਉਂਦਾ ਹੈ, ਜਿਸ ਕਰ ਕੇ ਉਸ ਦੀਆਂ ਲੱਤਾਂ ਤੇ ਪੈਰਾਂ ਦੀ ਥਾਂ, ਉਸ ਦਾ ਧੜ ਪੂਰੀ ਤਰ੍ਹਾਂ ਨੱਚ ਰਿਹਾ ਹੁੰਦਾ ਹੈ, ਝੂਮ ਰਿਹਾ ਹੁੰਦਾ ਹੈ। ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਗਾਇਨ, ਜਿਸ ਨੂੰ ‘ਵੱਡੇ-ਵੱਡੇ ਵਿਦਵਾਨ’ ਵੀ ‘ਗਾਇਕੀ’ ਕਹਿਣ-ਲਿਖਣ ਲੱਗ ਪਏ ਹਨ, ਇਸ ਮਿਹਣੇ ਦਾ ਸ਼ਿਕਾਰ ਹੋ ਗਿਆ ਸੀ ਕਿ ਉਸ ਨਾਲ ਸਰੋਤੇ ਮਸਤ ਹੋ ਕੇ ਝੂੰਮਦੇ ਨਹੀਂ। ਬਹੁਤ ਸਾਰੇ ਸੋਗਮਈ ਗੀਤਾਂ ਦੀਆਂ ਤਰਜ਼ਾਂ ਵੀ ਇਸ ਢੰਗ ਨਾਲ ਬਣਾਈਆਂ ਜਾਂਦੀਆਂ ਰਹੀਆਂ ਹਨ ਕਿ ਉਨ੍ਹਾਂ ਨੂੰ ਸੁਣ ਕੇ ਰੋਣਾ ਨਹੀਂ, ਨੱਚਣਾ ਆ ਜਾਂਦਾ ਸੀ। ਹਾਂ, ਉਨ੍ਹਾਂ ਸੋਗਮਈ ਗੀਤਾਂ ’ਤੇ ਲੋਕਾਂ ਨੂੰ ਨੱਚਦੇ ਦੇਖ ਕੇ ਰੋਣਾ ਜ਼ਰੂਰ ਆਉਂਦਾ ਹੁੰਦਾ ਸੀ। ਸੰਗੀਤ ਵਲੋਂ ਨਚਾਉਣ ਦੀ ਥਾਂ ਲੋਕਾਂ ਨੂੰ ਝੂੰਮਣ ਨਾ ਲਾਉਣ ਦੇ ਸਾਰੇ ਮਿਹਣੇ ਸਤਿੰਦਰ ਸਰਤਾਜ ਨੇ ਪਹਿਲੀ ਸੱਟੇ, ਪਹਿਲੇ ਹੱਲੇ ਹੀ ਦੂਰ ਕਰ ਦਿੱਤੇ ਹਨ।
ਇਸ ਗਾਇਕ ਦੀਆਂ ਮਹਿਫ਼ਿਲਾਂ ਵਿਚ ਅਧਨੰਗੇ ਜਾਂ ਅੱਧਢਕੇ ਪਿੰਡਿਆਂ ਵਾਲੀਆਂ ਕੁੜੀਆਂ ਨੱਚਦੀਆਂ ਨਹੀਂ ਦਿਸੀਆਂ। ਉਸ ਦੇ ਗੀਤਾਂ ਦੇ ਬੋਲ, ਜੋ ਉਸ ਦੇ ਆਪਣੇ ਲਿਖੇ ਹੋਏ ਹਨ, ਵੰਗ ਜਿੰਨੀ ਅਸ਼ਲੀਲਤਾ ਤੋਂ ਵੀ ਬਗ਼ੈਰ ਹਨ। ਉਸ ਦੀਆਂ ਮਹਿਫ਼ਿਲਾਂ ਵਿਚ ਸਾਰੇ ਪਰਿਵਾਰ ਦੇ ਜੀਅ ਇਕੱਠਿਆਂ ਸ਼ਰੀਕ ਹੋ ਕੇ ਸ਼ਰਮਸਾਰ ਨਹੀਂ ਹੁੰਦੇ। ਕਈ ਵਾਰ ਹੈਰਾਨੀ ਵੀ ਹੁੰਦੀ ਹੈ ਕਿ ਹੁਣ ਤਕ ਗੰਦੇ ਬੋਲਾਂ ਵਾਲੇ ਗੀਤ ਸੁਣ-ਸੁਣ ਕੇ ਤੇ ਰੌਲ਼ੇ ਵਰਗੇ ਸੰਗੀਤ ਦੀ ਆਦੀ ਹੋ ਚੁੱਕੀ, ਪੰਜਾਬ ਦੀ ਅੱਧੀ ਤੋਂ ਵੱਧ ਜੁਆਨੀ ਦੇ ਸਿਰ ਸਿਰਤਾਜ ਨੇ ਕੀ ਧੂੜ ਦਿੱਤਾ ਹੈ, ਜੋ ਉਸ ਦੀ ਭਖੀ ਮਹਿਫ਼ਿਲ ਠੰਢੀ ਕਰ ਕੇ ਉਸ ਨੂੰ ਦੁਬਾਰਾ ‘ਸਾਈਂ’ ਗਾਉਣ ਲਈ ਮਜਬੂਰ ਕਰਦੀ ਹੈ। 
ਉਸ ਦਿਨ ਸਤਿੰਦਰ ਦੀ ਉਸ ਮਹਿਫ਼ਿਲ ਵਿਚ ਸ਼ਰੀਕ ਹੋ ਕੇ ਪੰਜਾਬੀ ਗਾਇਨ (ਗਾਇਕੀ ਨਹੀਂ) ਦੇ ਅਤੀਤ ਤੇ ਭਵਿੱਖ ਬਾਰੇ ਕਈ ਸੁਆਲ ਵੀ ਮਨ ਵਿਚ ਆਏ, ਜਿਨ੍ਹਾਂ ਦੇ ਜੁਆਬ ਦੇਣ ਲਈ ਉਸ ਨੇ ਇਕ ਲੰਬੀ ਮੁਲਾਕਾਤ ਕਰਨ ਦਾ ਵਾਅਦਾ ਕੀਤਾ ਹੈ। ਓਦਾਂ ਇਹ ਸਤਿੰਦਰ ਦੀ ਗਾਇਨ-ਕਲਾ ਦੀਆਂ ਬਰਕਤਾਂ ਹੀ ਹਨ ਕਿ ਇਕਬਾਲ ਮਾਹਲ ਨੂੰ ਉਹ ਸਭ ਕੁੱਝ, ਸਤਿੰਦਰ ਸਰਤਾਜ ਤੋਂ ਥੋੜ੍ਹੇ ਜਿਹੇ ਸਮੇਂ ਵਿਚ ਹੀ ਹਾਸਲ ਹੋ ਗਿਆ, ਜੋ ਉਸ ਨੂੰ ਨਾ ਤਾਂ ਸੁਰਿੰਦਰ ਕੌਰ ਦਾ ਪੁੱਤ ਬਣ ਕੇ ਮਿਲਿਆ ਸੀ, ਨਾ ਜਗਜੀਤ ਸਿੰਘ ਦਾ ਰਿਸ਼ਤੇਦਾਰ  ਬਣ ਕੇ।                                                                                                      
   

ਕਾਮਰੇਡੀ ਨੇ ਹੀ ਪੁੱਟਤੀ 'ਮਿੱਟੀ'

ਪਤਾ ਨਹੀਂ ਕਿਉਂ ਇਹ ਫ਼ਿਲਮ ਦੇਖ ਕੇ ਮੈਨੂੰ ਆਪਣੇ ਪਿੰਡ ਦਾ ਉਹ ਬੁੜਾ ਬੜਾ ਹੀ ਚੇਤੇ ਆਇਆ, ਜੋ ਆਪਣੀ ਚੜ੍ਹਦੀ ਵਰੇਸੇ ਕਾਮਰੇਡਾਂ ਦੀ ਸੇਵਾ ਕਰਦਾ ਰਿਹਾ ਸੀ, ਪਰ ਜਦੋਂ ਉਹ ਨੂੰ ਇਹ ਸਮਝ ਆ ਗਈ ਕਿ ਰੋਟੀ ਤਾਂ ਕੰਮ ਕਰ ਕੇ ਹੀ ਮਿਲਣੀ ਹੈ ਤੇ ਇਹ ਕਾਮਰੇਡ ਲੋਕਾਂ ਕੋਲੋਂ ਰੋਟੀਆਂ ਖਾ ਤਾਂ ਸਕਦੇ ਹਨ, ਕਿਸੇ ਦੀ ਵੱਡੀ ਹੋਈ ਉਂਗਲੀ 'ਤੇ ਮੂਤ ਤਕ ਨਹੀਂ ਕਰ ਸਕਦੇ, ਉਸ ਨੇ ਆਪਣੇ ਜੁਆਨ ਪੁੱਤ ਨੂੰ ਸਵੇਰੇ-ਸ਼ਾਮ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ, "ਪੁੱਤ, ਇਨ੍ਹਾਂ ਕਾਮਰੇਡਾਂ ਮਗਰ ਫਿਰਨ ਨਾਲੋਂ ਤਾਂ ਸਾਧ ਹੋ ਜਾਣਾ ਕਈ ਗੁਣਾ ਚੰਗੈ, ਤਿਕਾਲਾਂ ਨੂੰ ਝੋਲੀ ਵਿਚ ਟੱਬਰ ਨੂੰ ਰਜੌਣ ਜੋਗਾ ਆਟਾ ਤਾਂ ਹੋਇਆ ਕਰੂ।"
ਕਿੱਥੇ ਕੋਈ ਪੰਜਾਬੀ ਫ਼ਿਲਮ ਦਾ ਦੇਖਣਾ ਤੇ ਕਿੱਥੇ ਕਿਸੇ ਸਾਬਕਾ ਕਾਮਰੇਡ ਵਲੋਂ ਆਪਣੇ ਪੁੱਤਰ ਨੂੰ 'ਕੰਮਰੇੜ੍ਹ' ਕਾਮਰੇਡਾਂ ਦੇ ਪਲੇਚੇ 'ਚ ਆਉਣ ਤੋਂ ਵਰਜਣਾ।ਅਖੇ ਕਿੱਥੇ ਹਲ ਦਾ ਓਕੜੂ ਹੋਣਾ,ਕਿੱਥੇ ਬੁੜੀ ਦਾ ਮਰਨਾ।ਇੱਥੇ ਇਹ ਗੱਲ ਏਦਾਂ ਗੁਆਈ ਜਾਣ ਵਾਲੀ ਨਹੀਂ ਹੈ ਕਿਉਂ ਕਿ ਫ਼ਿਲਮ 'ਮਿੱਟੀ' ਦੇ ਨਿਰਦੇਸ਼ਕ ਜਤਿੰਦਰ ਮੌਹਰ ਨੂੰ ਪਹਿਲੀ ਵਾਰ ਨਿਰਦੇਸ਼ਕ ਬਣ ਕੇ ਇਹ ਯਾਦ ਰੱਖਣਾ ਚਾਹੀਦਾ ਸੀ ਕਿ ਭਾਵੇਂ ਸੋਵੀਅਤ ਸੰਘ ਢਹਿ-ਢੇਰੀ ਹੋਣ ਮਗਰੋਂ ਵੀ ਕਾਮਰੇਡੀ ਦੇ ਖੰਡਰ ਪੂਰੀ ਤਰ੍ਹਾਂ ਬੇਆਬਾਦ ਨਹੀਂ ਹੋਏ, ਪਰ ਜੇ ਉਸ ਨੇ ਆਪਣੀ ਪਹਿਲੀ ਫ਼ਿਲਮ ਹੀ ਉਨ੍ਹਾਂ ਕਾਮਰੇਡਾਂ ਦੇ ਮਗਰ ਲਾ ਦਿੱਤੀ, ਜੋ ਅੱਜ ਤਕ ਆਪਣਾ ਤੋਰੀ-ਫੁਲਕਾ ਤੇ ਦਾਰੂ-ਸਿੱਕਾ ਚਲਾਉਣ ਤੋਂ ਬਗ਼ੈਰ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕੇ ਤਾਂ ਅੱਗੋਂ ਉਸ ਨੂੰ ਫ਼ਿਲਮਸਾਜ਼ੀ ਦੀ ਥਾਂ ਕੋਈ ਹੋਰ ਕੰਮ ਕਰਨਾ ਵੀ ਪੈ ਸਕਦਾ ਹੈ।
ਚਾਰ ਵੈਲੀ ਮੁੰਡੇ ਪੁੱਠੇ ਕੰਮ ਕਰਦੇ-ਕਰਦੇ ਇਲਾਕੇ ਦੇ ਐੱਮ. ਐੱਲ. ਏ. ਦੀ ਨਜ਼ਰ ਚੜ੍ਹ ਜਾਂਦੇ ਹਨ। ਫਿਰ ਉਹ ਕਈ ਸਾਲ ਉਸ ਦੇ ਹੱਥਠੋਕੇ ਬਣੇ ਰਹਿਣ ਮਗਰੋਂ ਉਨ੍ਹਾਂ ਵਿਚੋਂ ਇਕ ਜਣੇ ਦੇ ਭਰਾ, ਜੋ ਇਕ ਕਿਸਾਨ ਨੇਤਾ ਵੀ ਹੁੰਦਾ ਹੈ, ਦੇ ਮਾਰੇ ਜਾਣ 'ਤੇ ਉਸ ਦਾ ਬਦਲਾ ਲੈਣ ਦੇ ਰਾਹ ਪੈ ਜਾਂਦੇ ਹਨ।
ਉਸ ਕਿਸਾਨ ਨੇਤਾ ਦੇ ਮਾਰੇ ਜਾਣ 'ਤੇ ਉਸ ਦੇ ਸਾਥੀ ਕਿਸਾਨ ਹਥਿਆਰ ਚਲਾ ਕੇ ਵੀ ਤੇ ਹਥਿਆਰ ਝੁਕਾ ਵੀ ਆਪਣੇ ਨੇਤਾ ਨੂੰ ਸ਼ਰਧਾਂਜਲੀ ਤਾਂ ਦਿੰਦੇ ਹਨ, ਉਨ੍ਹਾਂ ਦੇ ਸਾਥੀ ਦੇ ਕਤਲ ਦਾ ਬਦਲਾ ਲੈਣ ਲਈ ਹਥਿਆਰ ਚੁੱਕਣ ਵਾਲੇ ਇਨ੍ਹਾਂ ਮੁੰਡਿਆਂ ਨੂੰ ਉਹ ਹਥਿਆਰ ਚੁੱਕਣ ਤੋਂ ਵਰਜਦੇ ਹਨ। ਉਸ ਵੇਲੇ ਉਹ ਕਿਸਾਨ ਨੇਤਾ ਕਦੇ ਸੱਜੀ ਕਾਮਰੇਡੀ ਦੇ ਹਮਾਇਤੀ ਲੱਗਦੇ ਹਨ। ਇਸ ਸੀਨ ਤੋਂ ਥੋੜ੍ਹੇ ਹੀ ਚਰ ਮਗਰੋਂ ਉਹੀ ਕਿਸਾਨ ਨੇਤਾ ਤੇ ੳੇੁਸ ਦੇ ਸਾਥੀ, ਜ਼ਮੀਨ ਦੇ ਕਬਜ਼ੇ ਵਾਲੇ ਸੀਨ ਵਿਚ ਅਚਾਨਕ ਹੀ ਬੰਦੂਕਾਂ ਚੁੱਕ ਕੇ ਚਲਾਉਣ ਲੱਗ ਪੈਂਦੇ ਹਨ। ਇਸ ਤਰ੍ਹਾਂ ਇਹ ਫ਼ਿਲਮ, ਜਿਸ ਦਾ ਨਾਂ ਮਿੱਟੀ ਹੈ, ਪੰਜਾਬੀ ਸਿਨੇਮਾ ਦੇ ਮੱਥੇ ਦਾ ਤਿਲਕ ਬਣਨ ਦੀ ਥਾਂ ਕਾਮਰੇਡੀ ਪ੍ਰਚਾਰ ਲਈ ਇਕ ਡਰਾਮਾ ਜਿਹਾ ਹੀ ਬਣ ਕੇ ਰਹਿ ਗਈ।                                        -ਦੀਦਾਵਰ
                                                                                                                                                 

ਭੇਂਟ ਵਾਰਤਾ - ਵਰਤਮਾਨ ਬੋਲਦਾ ਰਹਿੰਦਾ ਹੈ

- ਬੀਰਬਲ


***********************************************

ਡਿੱਗੀ ਹੋਈ ਚੀਜ਼

ਬਚਪਨ ਵਿਚ ਜਦੋਂ ਕਿਸੇ ਦੀ ਡਿੱਗੀ ਜਾਂ ਗੁਆਚੀ ਹੋਈ ਚੀਜ਼ ਕਿਸੇ ਹੋਰ ਨੂੰ ਲੱਭ ਜਾਂਦੀ ਸੀ ਤਾਂ ਉਹ ਬਹੁਤ ਹੀ ਮੜਕ ਨਾਲ ਇਹ ਹੋਕਾ ਜਿਹਾ ਦਿੰਦਾ ਹੁੰਦਾ ਸੀ, “ਇਕ ਮੁੰਡੇ (ਜਾਂ ਕੁੜੀ) ਦੀ ਚੀਜ਼ ਗੁਆਚੀ, ਅੱਜ ਲੈ ਲਓ, ਭਲਕੇ ਲੈ ਲਓ, ਪਰਸੋਂ ਨੂੰ ਖੂਹ ਦੇ ਥੱਲੇ।” ਸਾਨੂੰ ਆਪਣੇ ਸੱਜਣ ਸ਼ਮਸ਼ੇਰ ਸਿੰਘ ਸੰਧੂ ਵਲੋਂ ਅਕਤੂਬਰ, 1974 ਵਿਚ ਛਪਾਏ ਹੋਏ, ‘ਸੰਕਲਪ’ ਰਸਾਲੇ ਦੀ ਇਕ ਕਾਪੀ, ਜੋ ਅਸੀਂ ਕਿਤੇ ਬਹੁਤ ਹੀ ਸੰਭਾਲ ਕੇ ਰੱਖ ਬੈਠੇ ਸਾਂ, ਲੱਭ ਪਈ ਹੈ। ਉਸ ਵਿਚ, ਹਸਪਤਾਲ ਵਿਚ ਬਿਮਾਰ ਪਏ ਸ਼ਾਇਰ ਸ਼ਿਵ ਕੁਮਾਰ ਨਾਲ ‘ਬੀਰਬਲ’ ਵਲੋਂ ਕੀਤਾ ਹੋਇਆ ਇਕ ਇੰਟਰਵਿਊ ਛਪਿਆ ਹੋਇਆ ਹੈ ਤੇ ਉਸ ਦਾ ਸਿਰਲੇਖ ਹੈ ਵਰਤਮਾਨ ਬੋਲਦਾ ਹੈ, ਜਿਸ ਵਿਚ ਅਸੀਂ ਮਾੜੀ ਜਿਹੀ ਤਬਦੀਲੀ ਕਰ ਦਿੱਤੀ ਹੈ। ‘ਸਿਰਲੇਖ’ ਵਿਚ ਇਹ ਤਬਦੀਲੀ ਜ਼ਰੂਰੀ ਲੱਗਦੀ ਸੀ, ‘ਸਰੀਰਲੇਖ’ ਵਿਚ ਅਸੀਂ ਕੋਈ ਗ਼ਲਤੀ ਵੀ ਠੀਕ ਕਰਨ ਦੀ ਜੁਰਅੱਤ ਨਹੀਂ ਕੀਤੀ। ਇਹ ਇੰਟਰਵਿਊ ਪੜ੍ਹੋ ਤੇ ਜਨਮ ਸਮੇਤ ਹੋਰ ਜੋ ਵੀ ਸਫ਼ਲ ਹੁੰਦਾ ਹੈ ਕਰੋ। -ਸੁਰੰਗਸਾਜ਼

***********************************************

ਸ਼ਿਵ ਕੁਮਾਰ ਜਨਰਲ ਹਸਪਤਾਲ ਵਿਚ ਐਡਮਿਟ ਸੀ। ਕੁੱਝ ਇੱਕ ਦਿਨ ਪਹਿਲਾਂ ਹੀ ਉਹ ਜਦੋਂ ਇੰਗਲੈਂਡ ਤੋਂ ਪਰਤਿਆ ਸੀ, ਭਰਿਆ-ਭਰਿਆ ਲੱਗਦਾ ਸੀ। ਚਰਚਾ ਆਮ ਸੀ ਕਿ ਖ਼ੂਬ ਮਾਇਆ ਦੇ ਗੱਫੇ ਲੈ ਕੇ ਆਇਆ ਹੈ ਤੇ ਇਕ-ਦੋ ਵਾਰ ਉਹ ਦੇ ਮੂੰਹੋਂ ਸੁਣਿਆ ਗਿਆ ਸੀ ਕਿ ਫਲਾਣੇ ਸਰਕਾਰੀ ਲੇਖਕ ਨੇ ਮੇਰੇ ਕੋਲ ਬਲੈਕ ਮਨੀ ਦੀ ਦੱਸ ਪਾ ਕੇ ਸਰਕਾਰੀ ਜਾਸੂਸ ਮੇਰੇ ਪਿੱਛੇ ਪੁਆ ਦਿੱਤੇ ਹਨ। ਇੱਕ ਦੂਜੀ ਢਾਣੀ ਜੋ ਇਹ ਪ੍ਰਚਾਰ ਕਰ ਰਹੀ ਸੀ ਕਿ ਸ਼ਿਵ ਮਾਨਸਿਕ ਸੰਤੁਲਨ ਗੁਆ ਬੈਠਾ ਹੈ ਤੇ ਸਭ ਨੂੰ ਗਾਲ਼ਾਂ ਕੱਢਦਾ ਫਿਰਦਾ ਹੈ, ਆਪਣੀ ਸੂਝ-ਬੂਝ ਦਾ ਸਬੂਤ ਇਹ ਕਹਿ ਕੇ ਦਿੰਦੀ ਸੀ, “ਮਾਇਆ ਤਾਂ ਪੱਗ ਨੂੰ ਲੱਗੀ ਮਾਣ ਨਹੀਂ, ਸ਼ਿਵ ਕੁਮਾਰ ਤਾ ਫਿਰ ਨੈਸ਼ਨਲ ਪੋਇਟ ਹੈ।” ੳਤੇ ਫਿਰ ਗੁਰ ਵਾਕ ਦਾ ਸਹਾਰਾ ਲੈ ਕੇ ਲੱਛੇਦਾਰ ਧੂੰਆਂ ਕੱਢਦੇ ਸਨ-ਮਾਇਆਧਾਰੀ ਅੰਨ੍ਹਾਂ ਬੋਲ਼ਾ। ਇਹੋ ਜਿਹੇ ਭਾਂਤ-ਸੁਭਾਂਤੀ ਫਿਕਰਿਆਂ ਨਾਲ ਚੰਡੀਗੜ੍ਹ ਦੀ ਹਵਾ ਖ਼ਾਸ ਕਰ ਕੇ ਬੋਝਲ ਹੋਈ ਪੋਈ ਸੀ ਤੇ ਜਦੋਂ ਮੈਂ ਹਸਪਤਾਲ ਦੇ ਪ੍ਰਾਈਵੇਟ ਵਾਰਡ ਵਿਚ ਪੈਰ ਧਰਿਆ, ਮੈਨੂੰ ਸ਼ਿਵ ਕੁਮਾਰੀਅਨ ਸਟਾਈਲ ਦੀ ਖਾਂਸੀ ਸੁਣਾਈ ਦਿੱਤੀ ਅਤੇ ਬਿਨਾਂ ਪੁੱਛ-ਗਿੱਛ ਦੀ ਸੇਵਾ ਦਾ ਲਾਭ ਉਠਾਇਆਂ ਮੈਂ ਸਹੀ ਕਮਰੇ ਵਿਚ ਦਾਖਲ ਹੋ ਗਿਆ। ਉਹ ਦੇ ਚਿਹਰੇ ਉੱਤੇ ਕੋਈ ਪ੍ਰਤੀਕਰਮ ਨਹੀਂ ਸੀ। ਰੇਤੀਲਾ ਚਿਹਰਾ, ਪਥਰੀਲੇ ਬੁੱਲ੍ਹ, ਅੱਖੀਆਂ ਸਨਜਿਵੇਂ ਦੋ ਪਾਲਤੂ ਮਾਰੂਥਲ। ਉਹ ਬੁਝੀ ਹੋਈ ਸਿਗਰਟ ਚੁੰਘ ਰਿਹਾ ਸੀ ਤੇ ਨਾ ਸਮਝ ਆਉਣ ਵਾਲ਼ੇ ਉਚਾਰਣ ਵਿਚ ਆਪਣਾ ਇਹ ਸੇਅਰ ਇਉਂ ਬੋਲ ਰਿਹਾ ਸੀ, ਜਿਵੇਂ ਟੁੱਟੇ ਹੋਏ ਰਿਕਾਰਡ ਦੀ ਦਰਾਰ ਵਿਚ ਸੂਈ ਅਟਕ ਗਈ ਹੋਵੇ:-

ਕੱਲ੍ਹ ਕਿਸੇ ਸ਼ਿਵ ਨੂੰ ਹੈ ਸੁਣਿਆ ਕਹਿੰਦਿਆਂ,

ਜ਼ਿੰਦਗੀ ਦੀ ਦੌੜ ਵਿਚ ਮੈਂ ਸਿਫ਼ਰ ਹਾਂ।

ਮੈਂ ਉਹ ਦੀ ਸਿਗਰਟ ਸੁਲਗਾਉਂਦਿਆਂ ਕਿਹਾ ਕਿ ਸ਼ਿਵ ਤੂੰ ਹੈਂ ਤਾਂ ਸਿਫ਼ਰ ਪਰ ਅਜਿਹੀ ਸਿਫ਼ਰ ਜਿਸ ਵਿਚ ਪੂਰਾ ਬ੍ਰਹਿਮੰਡ ਸਮਾ ਸਕਦਾ ਹੋਵੇ। ਉਸ ਦੇ ਰੇਤੀਲੇ ਚਿਹਰੇ ’ਤੇ ਪਥਰੀਲੀ ਹਾਸੀ ਉੱਡੀ ਤੇ ਮੈਨੂੰ ਦੋ ਪਾਲਤੂ ਮਾਰੂਥਲ ਇਕ ਸੁਰ ਵਿਚ ਗਾਉਂਦੇ ਜਾਪੇ:-

ਮੇਰੇ ਅੱਜ ਜ਼ਿਹਨ ਦੇ ਮੋੜਾਂ ’ਤੇ ਦਿਨ ਭਰ ਖ਼ਾਕ ਉੱਡੀ ਹੈ,

ਮੈਂ ਸੁਣਿਆ ਹੈ ਕਿਸੇ ਜੰਗਲ ’ਚ ਮੇਰੀ ਉਮਰ ਉੱਗੀ ਹੈ।

ਮੈਂ ਸਮਝ ਰਿਹਾ ਸਾਂ ਕਿ ਮਾਹੌਲ ਲੋੜੋਂ ਵੱਧ ਸੀਰੀਅਸ ਹੁੰਦਾ ਜਾ ਰਿਹਾ ਹੈ। ਮਨੋਵਿਗਿਆਨਕ ਤੌਰ ’ਤੇ ਵੀ ਇਹ ਉਚਿਤ ਨਹੀਂ ਸੀ ਕਿ ਇਕ ਸੀਰੀਅਸ ਸ਼ਾਇਰ, ਜੋ ਸੀਰੀਅਸ ਬੀਮਾਰ ਹੋਵੇ, ਉਸ ਨਾਲ ਏਸ ਕਿਸਮ ਦਾ ਇੰਟਲੈਕਚੂਅਲ ਇੰਟਰਕੋਰਸ ਕੀਤਾ ਜਾਵੇ। ਮੈਂ ਮਾਹੌਲ ਨੂੰ ਸੁਖਾਵਾਂ ਬਣਾ ਕੇ ਉਸ ਦਾ ਮਨੋਰੰਜਨ ਕਰਨਾ ਚਾਹੁੰਦਾ ਸਾਂ। ਇਕ ਦਮ ਪੈਂਤੜਾ ਬਦਲ ਕੇ ਮੈਂ ਪੂਰੀ ਸੰਜੀਦਗੀ ਨਾਲ ਗ਼ੈਰਸੰਜੀਦਾ ਫਿਕਰਾ ਬੋਲਿਆ, “ਸ਼ਿਵ ਭਾ ਜੀ, ਰਾਤੀਂ ਸੁਪਨੇ ਵਿਚ ਮੈਂ ਤੁਹਾਡੀ ਲੂਣਾ ਅੰਗਰੇਜ਼ੀ ਵਿਚ ਛਪੀ ਦੇਖੀ ਹੈ।” ਉਹ ਖੰਘ ਮਿਲੀ ਹਾਸੀ ਹੱਸਿਆ, “ਬਾਜ਼ ਆ ਜਾ ਬਾਮ੍ਹਣਾ, ਤੂੰ ਅਜੇ ਵੀ ਮਖ਼ੌਲ ਨਹੀਂ ਛੱਡਦਾ।”“ਨਹੀਂ ਭਾ ਜੀ, ਇਹ ਬਿਲਕੁਲ ਸੱਚੀ ਗੱਲ ਹੈ। ਮੈਂ ਸੱਚੀਂਮੁੱਚੀਂ ਅੰਗਰੇਜ਼ੀ ਵਿਚ ਛਪੀ ਹੋਈ ਲੂਣਾ ਵੇਖੀ ਹੈ ਤੇ ਉਸ ਦੀ ਵਿਸ਼ੇਸ਼ਤਾ ਇਹ ਸੀ ਕਿ ਅਠਤਾਲੀ ਪੁਅਇੰਟ ਵਿਚ ਛਪੇ ‘ਅਨੁਵਾਦਕ ਸੰਤ ਸਿੰਘ ਸੇਖੋਂ’ ਤੋਂ ਇਲਾਵਾ ਕੋਈ ਵੀ ਸ਼ਬਦ ਠੀਕ ਤਰ੍ਹਾਂ ਪੜ੍ਹਿਆ ਨਹੀਂ ਜਾਂਦਾ ਸੀ। ਤੁਹਾਡਾ ਨਾਂ ਪੜ੍ਹਿਆ ਜਾਂਦਾ ਸੀ, ਪਰ ਸ਼ਬਦ-ਜੋੜ ਠੀਕ ਨਹੀਂ ਸਨ।” ਮੈਂ ਮਹਿਸੂਸ ਕੀਤਾ ਉਹ ਦੇ ਚਿਹਰੇ ਦੀ ਰੰਗਤ ਬਦਲ ਰਹੀ ਹੈ ਤੇ ਨਸਾਂ ਦਾ ਖਿਚਾਅ ਢਿੱਲਾ ਪੈ ਗਿਆ ਹੈ। ਹੁਣ ਤਕ ਉਹ ਉੱਠ ਕੇ ਬਹਿ ਗਿਆ ਸੀ, “ਟਾਇਮ ਤਾ ਹੋ ਗਿਆ, ਅਜੇ ਬ੍ਰਹੱਮ ਕੁਮਾਰੀ ਜੀ ਆਏ ਨਹੀਂ (ਚਿੱਟੇ ਕੱਪੜਿਆਂ ਵਾਲੀ ਨਰਸ ਨੂੰ ਉਹ ਬ੍ਰਹੱਮ ਕੁਮਾਰੀ ਹੀ ਕਹਿੰਦਾ ਸੀ)। ਆਪਣਾ ਜਾਦੂ ਚੱਲਿਆ ਵੇਖ ਮੈਂ ਹੋਰ ਹੁਸ਼ਿਆਰ ਹੋ ਗਿਆ, “ਸ਼ਿਵ ਕੁਮਾਰ, ਮੈਂ ਇਕ ਇੰਟਰਵਿਊ ਲਿਖੀ ਹੈ, ਜਿਸ ਵਿਚ ਸੁਆਲ ਮੇਰੇ ਹਨ, ਜੁਆਬ ਤੇਰੀ ਸ਼ਾਇਰੀ ਦੇ। ਪਹਿਲਾ ਸੁਆਲ ਹੈ-ਕੀ ਹਾਲ ਹੈ ਸ਼ਿਵ ਕੁਮਾਰ?

ਜੁਆਬ ਹੈ-

ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ,

ਸਾਡਾ ਨਦੀਓਂ ਵਿਛੜੇ ਨੀਰਾਂ ਦਾ।

ਸ਼ਿਵ ਬੱਚਿਆ ਵਾਂਗ ਤਾੜੀ ਮਾਰ ਕੇ ਹੱਸਿਆ। ਉਹ ਚਹਿ-ਚਹਾ ਰਿਹਾ ਸੀ। ਹੇਠੋਂ ਕੰਟੀਨ ’ਚੋਂ ਦੋ ਕੱਪ ਚਾਹ ਮਮਗਵਾ ਕੇ ਅਸੀਂ ਏਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਨੋਕਾਂ-ਝੋਕਾਂ ਦਾ ਆਨੰਦ ਮਾਣਦੇ ਰਹੇ। ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ ਇਸ ਗੱਲਬਾਤ ਨੂੰ ਨਾਟਕੀ ਮੋੜ ਦਿੱਤਾ।“ਸ਼ਿਵ, ਤੂੰ ਹੁਣ ਸਥਾਪਿਤ ਢਾਣੀ ਵਿਚ ਰਲ ਚੁਕਿਐਂ, ਤੁੰ ਸਾਡਾ ਪੰਜ-ਹਜ਼ਾਰੀ ਨੈਸ਼ਨਲ ਪੋਇਟ ਹੈਂ। ਜਸਵੰਤ ਰਾਏ ‘ਰਾਏ’ ਤੋਂ ਲੈ ਕੇ ਜ਼ਾਕਿਰ ਹੁਸੈਨ ਤੀਕ ਤੇਰੀ ਪਹੁੰਚ ਹੈ ਰਾਮ ਲੀਲ੍ਹਾ ਦੀ ਸਟੇਜ ਤੋਂ ਸ਼ੁਰੂ ਹੋ ਕੇ ਲਾਲ ਕਿਲੇ ਦੀ ਮੰਚ ਤੀਕ ਹੋ ਆਇਆ ਏਂ ਆਪਣੇ ਸਮਕਾਲ ਵਿਚ ਤੂੰ ਭਰਪੂਰ ਵਿਚਰਿਆ ਹੈਂ। ਤੂੰ ਹਮੇਸ਼ਾ ਹੀ ਚੰਗਾ ਖਾਧਾ ਹੈ, ਮੰਦਾ ਬੋਲਿਆ ਹੈ, ਪਰ ਸਿਹਤ ਤੇਰੀ ਫਿਰ ਵੀ ਨਹੀਂ ਬਣੀ। ਪੁਰਾਣੀ, ਗੱਭਲੀ ਅਤੇ ਅਜੋਕੀ ਤਿੰਨਾਂ ਪੀੜ੍ਹੀਆਂ ਤੋਂ ਤੂੰ ਵਾਕਿਫ਼ ਹੈਂ। ਤੈਨੂੰ ਆਪਣੇ ਅਨੁਭਵ ਲਿਖਣੇ ਚਾਹੀਦੇ ਹਨ।”ਇਕ ਲੰਮਾ ਸਾਹ ਅੰਦਰ ਨੂੰ ਖਿੱਚ ਕੇ ਫਿਰ ਹੌਲੀ-ਹੌਲੀ ਬਾਹਰ ਨੂੰ ਕੱਢਦਾ ਹੋਇਆ ਸ਼ਿਵ ਕੁਮਾਰ ਬੋਲਿਆ, “ਇੰਨੀ ਨਿੱਕੀ ਜੰਘੀਐ ਥਲ ਡੂੰਘਰ ਭਵਿਓਮ... ... ...।” ਮੈਂ ਸਹਿਮ ਗਿਆ, ਮਾਹੌਲ ਫਿਰ ਸੀਰੀਅਸ ਹੋ ਰਿਹਾ ਸੀ। ਮੌਕਾ ਸੰਭਾਲਦਿਆਂ ਕਾਹਲ਼ੀ-ਕਾਹਲ਼ੀ ਮੈਂ ਪੁੱਛਿਆ, “ਤੂੰ ਆਪਣੇ-ਆਪ ਨੂੰ ਫ਼ਰੀਦ ਨਾਲ ਇੰਨਾ ਘੁੱਟ ਕੇ ਕਿਉਂ ਬੰਨ੍ਹ ਲਿਆ ਹੈ? ਬਾਰ੍ਹਵੀਂ ਸਦੀ ਨੂੰ ਵੀਹਵੀਂ ਸਦੀ ਵਿਚ ਕਿਉਂ ਘਸੀਟੀ ਫਿਰਦਾ ਹੈਂ? ਏਸ ਤਰ੍ਹਾਂ ਤਾਂ ਤੂੰ ਭੂਤ-ਕਾਲ ਬਣ ਕੇ ਰਹਿ ਜਾਏਂਗਾ।” ਉਸ ਵਿਚ ਜਿਵੇਂ ਬਿਜਲੀ ਦਾ ਕਰੰਟ ਆ ਗਿਆ ਹੋਵੇ, “ਫ਼ਰੀਦ ਵਰਤਮਾਨ ਹੈ, ਮਛੰਦਰ ਵਰਤਮਾਨ ਹੈ, ਕਾਲੀਦਾਸ, ਸੂਰਦਾਸ, ਤੁਲਸੀਦਾਸ, ਕੇਸ਼ਵ, ਮੀਰ, ਗ਼ਾਲਿਬ, ਇਕਬਾਲ, ਟੈਗੋਰ, ਬਾਇਰਨ, ਕੀਟਸ ਸਭ ਵਰਤਮਾਨ ਹੈ। ਮੈਂ ਵਰਤਮਾਨ ਹਾਂ।” ਹੁਣ ਲੋਹਾ ਗਰਮ ਸੀ। ਇੰਜ ਜਾਪ ਰਿਹਾ ਸੀ ਕਿ ਜੇ ਮੈਂ ਇਕ-ਅੱਧ ਗੱਲ ਹੋਰ ਏਦਾਂ ਦੀ ਕੀਤੀ ਤਾ ਉਹ ਮੇਰੇ ਮੂੰਹ ’ਤੇ ਚਪੇੜ ਮਾਰ ਦਏਗਾ। ਮੈਂ ਉਹ ਦੀ ਗੱਲ ਨਾਲ ਸਹਿਮਤ ਹੋ ਕੇ ਆਪਣੇ ਮਕਸਦ ਵੱਲ ਵਧਿਆ, “ਸੱਚਾ ਹੁਨਰ ਸਦਾ ਵਰਤਮਾਨ ਹੈ, ਪਰ ਸੁਆਲ ਇਹ ਹੈ ਕਿ ਸਾਡੇ ਸਾਹਿੱਤ ਵਿਚ ਸੱਚਾ ਹੁਨਰ ਹੈ ਕਿੰਨਾ ਕੁ! ਤੂੰ ਇਸ ਸਾਰੇ ਚੌਗਿਰਦੇ ਨੂੰ ਜਾਣਦਾ ਹੈਂ, ਤੂੰ ਪੜ੍ਹਿਆ ਹੈ, ਸੁਣਿਆ ਹੈ, ਬਹਿਸਾ ਹੁੰਦੀਆਂ ਵੇਖੀਆਂ ਹਨ। ਬਹੁਤਿਆਂ ਨੂੰ ਤੂੰ ਜ਼ਾਤੀ ਤੌਰ ’ਤੇ ਵੀ ਜਾਣਦਾ ਹੈਂ। ਇਨ੍ਹਾਂ ਬਾਰੇ ਆਪਣਾ ਰੀਐਕਸ਼ਨ ਦੱਸ ਸਕਦਾ ਹੈਂ?”

“ਸਾਰੇ ਲੱਲੂ-ਪੰਜੂ ਨੇ, ਬੇ ਪੀਰੇ ਨੇ। ਆਪਣੇ ਹੁਨਰ ਲਈ ਵੀ ਦਿਆਨਤਦਾਰ ਨਹੀਂ। ਮੇਰੇ ਕੋਲੋਂ ਲੁਕਿਆ ਹੋਇਆ ਕੀ ਹੈ!”

ਮੈਂ :ਇਹੋ ਤਾਂ ਮੈਂ ਕਹਿ ਰਹਿਆਂ ਕਿ ਤੂੰ ਇਨ੍ਹਾਂ ਬਾਰੇ ਦੱਸ ਇਹ ਕੀ ਨੇ। ਮੈਂ ਕੱਲੇ ਕੱਲੇ ਦਾ ਨਾਂ ਲਈ ਜਾਵਾਂਗਾ, ਤੂੰ ਆਪਣੀ ਟਿੱਪਣੀ ਦੇਈ ਜਾਈਂ।

ਸ਼ਿਵ :ਇੰਨੀ ਲੰਮੀ ਚੌੜੀ ਬਕਵਾਸ ਮੇਰੇ ਕੋਲੋਂ ਨਹੀਂ ਕੀਤੀ ਜਾਣੀ। ਡਾਕਟਰ ਨੇ ਸਭ ਕੁਝ ਬੰਦ ਕੀਤਾ ਹੋਇਆ। ਦਾਰੂ ਬੰਦ, ਸਿਗਰਟ ਬੰਦ, ਬੋਲਣਾ ਬੰਦ, ਸ਼ਾਇਰੀ ਬੰਦ, ਘੁੰਮਣਾ ਬੰਦ,... ... ... ... ਹਿੰਦੁਸਤਾਨ ਮਰਦਾਬਾਦ ! ਐਹ ਦਰਵਾਜ਼ਾ ਵੀ ਬੰਦ ਕਰ ਲੈ।
ਮੈਂ :(ਦਰਵਾਜ਼ਾ ਢੋਅ ਕੇ ਫਿਰ ਬੈਠਦਾ ਹੋਇਆ)ਇਹ ਸਭ ਕੁਝ ਸਾਡੇ ਹਿੱਤ ਵਿਚ ਤਾਂ ਹੈ। ਜਾਨ ਨਾਲ ਹੀ ਜਹਾਨ ਹੁੰਦੈ। ਜੇ ਡਾਕਟਰ ਨੇ ਬਹੁਤਾ ਬੋਲਣਾ ਬੰਦ ਕੀਤਾ ਹੋਇਐ ਤਾਂ ਤੂੰ ਜੁਆਬ ਸੰਖੇਪ ਵਿਚ ਦੇਈ ਜਾਈਂ।

ਸ਼ਿਵ :ਅੱਛਾ, ਪੁੱਛ।

ਮੈਂ :ਮੈਂ ਕੋਈ ਵਿਸੇਸ਼ ਸੁਆਲ ਲੈ ਕੇ ਨਹੀਂ ਆਇਆ। ਮੈਂ ਲੇਖਕਾਂ ਦੇ ਨਾਂ ਪ੍ਰਸ਼ਨ ਚਿੰਨਾਂ ਵਾਂਗ ਬੋਲਾਂਗਾ।

ਸ਼ਿਵ :ਜਿਸ ਤਰ੍ਹਾਂ ਦਾ ਸਰੇ ਬਣੇਗਾ, ਮੈਂ ਜੁਆਬ ਦੇਈ ਜਾਵਾਂਗਾ, ਤੂੰ ਬੋਲ।

(ਜਿਸ ਤਰਤੀਬ ਵਿਚ ਮੈਂ ਨਾਂ ਬੋਲੇ ਤੇ ਉਹ ਨੇ ਆਪਣੀ ਟਿੱਪਣੀ ਦਿੱਤੀ, ਉਸੇ ਤਰਤੀਬ ਵਿਚ ਪੇਸ਼ ਕਰ ਰਿਹਾ ਹਾਂ):-

?---ਮੋਹਨ ਸਿੰਘ ਪੰਜ ਦਰਿਆ ਸਾਵਾ ਪੱਤਾ ਸੁੱਕ ਗਿਆ

?---ਅੰਮ੍ਰਤਾ ਪ੍ਰੀਤਮ ਅੱਜ ਕੱਲ ਕਿਸ ਕੰਮ

?---ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੀਰਵਾਰ ਦੀ ਝੜੀ ਨਾ ਕੋਠਾ ਨਾ ਕੜੀ

?---ਪ੍ਰੀਤਮ ਸਿੰਘ ਸਫ਼ੀਰ ਲਕੀਰ ਦਾ ਫ਼ਕੀਰ

?---ਬਾਵਾ ਬਲਵੰਤ ਬੋਦੀ ਵਾਲਾ ਸੰਤ

?---ਨਾਨਕ ਸਿੰਘ ਅਗਲੇ ਪਿੰਡ

?---ਬਲਵੰਤ ਗਾਰਗੀ ਗੰਜੀ ਆਵਾਰਗੀ

?---ਜਸਬੀਰ ਆਹਲੂਵਾਲੀਆ ਜ਼ਿਹਨੀ ਦਿਵਾਲੀਆ

?---ਸੁਖਪਾਲਵੀਰ ਸਿੰਘ ਹਸਰਤ ਅੰਦਰ ਬਾਹਰ ਨਫ਼ਰਤ

?---ਰਵਿੰਦਰ ਰਵੀ ਬੋਗਸ ਕਵੀ

?---ਅਜਾਇਬ ਕਮਲ ਅੱਗੇ ਚੱਲ
(ਸ਼ਿਵ ਦਾ ਪਾਰਾ ਚੜ੍ਹ ਗਿਆ ਸੀ)

?---ਵਿਸ਼ਵਾਨਾਥ ਤਿਵਾੜੀ ਖੇਲ ਤੇ ਖਿਲਾੜੀ

?---ਸੋਹਣ ਸਿੰਘ ਮੀਸ਼ਾ ਤਿੜਕਿਆ ਹੋਇਆ ਸ਼ੀਸ਼ਾ

?---ਦੇਵਿੰਦਰ ਸਤਿਆਰਥੀ ਬੁੱਢਾ ਮਹਾਰਥੀ

?---ਗੁਲਵੰਤ ਨਿਰਾ ਪੁਰਾ ਭਗਵੰਤ

?---ਭਗਵੰਤ ਨਿਰਾ ਪੁਰਾ ਗੁਲਵੰਤ

?---ਦਲੀਪ ਕੌਰ ਟਿਵਾਣਾ ਤੂੰ ਆਪ ਸਿਆਣਾ

?---ਨਿਰਮਲ ਅਰਪਣ ਸਮਾਚਾਰ ਦਰਪਣ

?---ਮੋਹਨਜੀਤ ਅਧੂਰਾ ਗੀਤ

?---ਰਣਧੀਰ ਸਿੰਘ ਚੰਦ ਬਕਵਾਸ ਬੰਦ

?---ਦਿਓਲ ਸੋ ਸੋ ਆਨ ਦੀ ਹੋਲ, ਅੱਗੇ ਬੋਲ

?---ਦੀਪਕ ਜੈਤੋਈ ਇਹ ਕੀ ਸਿਤਮ ਕੀਤੋ ਈ

?---ਮ੍ਰਿਤਯੂਬੋਧ ਜਾਂਗਲੀ ਬਾਲਬੋਧ

?---ਕੰਵਰ ਚੌਹਾਨ ਜ਼ਰਦੇ ਵਾਲਾ ਪਾਨ

?---ਅਮਿਤੋਜ ਹੀਰੋ ਦਾ ਨਾਇਕ ਸਿਰ ਬੋਝ

?---ਗੁਰਦੀਪ ਗਰੇਵਾਲ ਬੋਲੇ ਸੋ ਨਿਹਾਲ

?---ਅਵਤਾਰ ਸਿੰਘ ਪਾਸ਼ ਪੜ੍ਹਿਆ ਹੁੰਦਾ ਕਾਸ਼

?---ਨਵਤੇਜ ਪ੍ਰੀਤ ਲੜੀ ਦਾ ਦਹੇਜ

?---ਜਗਤਾਰ ਬੇਮੌਸਮ ਅਵਤਾਰ

?---ਗੁਰਦੇਵ ਨਿਰਧਨ ਪਾ ਗਿਆ ਪੈਨਸ਼ਨ

?---ਕੁਲਬੀਰ ਸਿੰਘ ਕਾਂਗ ਰਾਮ ਲੀਲ੍ਹਾ ਦਾ ਸਾਂਗ

?---ਈਸ਼ਰ ਸਿੰਘ ਅਟਾਰੀ (ਏਥੇ ਸ਼ਿਵ ਭਾਵਕ ਹੋ ਗਿਆ ਤੇ ਕੰਬਲ ਪਰ੍ਹੇ ਸੁੱਟ ਕੇ ਚੌਂਕੜੀ ਮਾਰ ਕੇ ਖੜਤਾਲਾਂ ਵਜਾਉਣ ਵਾਲ਼ੇ ਅੰਦਾਜ਼ ਵਿਚ ਮੁੱਠੀਆਂ ਨੂੰ ਖੋਲ੍ਹਦਾ ਅਤੇ ਬੰਦ ਕਰਦਾ ਹੋਇਆ ਉੱਚੀ-ਉੱਚੀ ਗਾਉਣ ਲੱਗ ਪਿਆ) ਧਰਤੀ ਅਰਜ਼ ਗੁਜ਼ਾਰੀ ਰਾਮਾ ਮੈਂ ਤੇ ਸੰਕਟ ਭਾਰੀ... ਧਰਤੀ ਅਰਜ਼... ..ਰਾਮਾ...

?---ਨਰਿੰਜਨ ਤਸਨੀਮ ਨੀਮ ਹਕੀਮ

?---ਹਰੀ ਨਾਮ ਦੀਵਾਨੇ ਆਮ

?---ਪ੍ਰੇਮ ਪਕਾਸ਼ ਦੀਵਾਨੇ ਖ਼ਾਸ

?---ਹਰਸਰਨ ਨਾਟ ਕਨਸਰਨ

?---ਜਸਵੰਤ ਸਿੰਘ ਵਿਰਦੀ ਮੁੱਕ ਚੁੱਕੀ ਗੱਲ ਚਿਰਦੀ

?---ਸੁਰਜੀਤ ਪਾਤਰ ਬਟੂਏ ’ਚ ਦਾਤਰ

?---ਸਤਿੰਦਰ ਸਿੰਘ ਨੂਰ ਲੱਡੂਆਂ ਦਾ ਭੂਰ

?---ਮੋਹਨ ਭੰਡਾਰੀ ਪ੍ਰੇਮ ਪੁਜਾਰੀ

?---ਹਰਿ ਭਜਨ (ਮੁਸਕਰਾਉਂਦਾ ਹੋਇਆ) ਕੁਨਨ! ਕੁਨਨ!! ਮੇਰਾ ਭੀਗਾ ਬਦਨ

?---ਗੁਰਬਚਨ ਸਤਿ ਬਚਨ

?---ਸਤੀ ਕੁਮਾਰ ਗੋਲੀ ਮਾਰ

?---ਕਪੂਰ ਸਿੰਘ ਘੁੰਮਣ ਚਰਖੇ ਦਾ ਫੁੰਮਣ

?---ਗੁਰਮੁਖ ਸਿੰਘ ਮੁਸਾਫ਼ਰ ਬੋਲ ਨਾ ਬਾਫ਼ਰ

?---ਰਘੁਬੀਰ ਢੰਡ ਮਿਰਜ਼ੇ ਦਾ ਜੰਡ

?---ਮਹਿਰਮਯਾਰ ਨਾ ਅੰਦਰ ਨਾ ਬਾਹਰ

?---ਗੁਲਜ਼ਾਰ ਸਿੰਘ ਸੰਧੂ ਆਗੇ ਚਲੋ ਬੰਧੂ

?---ਗੁਰਦਿਆਲ ਚੰਗੈ ਓਵਰਆਲ

?---ਪ੍ਰਭਜੋਤ ਕਿਹੜੀ ਜਾਤ ਤੇ ਕਿਹੜਾ ਗੋਤ

?---ਮਹਿੰਦਰ ਸਿੰਘ ਸਰਨਾ ਉਹ ਨੇ ਹੁਣ ਕੀ ਕਰਨਾ

?---ਮੋਹਨ ਕਾਹਲੋਂ ਬੈਟਰ ਤੇਰ ਨਾਲੋਂ

?---ਕਿਰਪਾਲ ਸਿੰਘ ਕਸੇਲ ਤੁੰਮੇ ਦੀ ਵੇਲ

?---ਭੁੱਲਰ ਤੇ ਰੁਪਾਣਾ ਇਹ ਕਿਹੜਾ ਦੁਗਾਣਾ

?---ਪਿਆਰਾ ਸਿੰਘ ਭੋਗਲ ਕਰ ਦਿੱਤੀ ਨਾ ਉਹ ਗੱਲ? ਅੱਗੇ ਚੱਲ

?---ਜਸਵੰਤ ਸਿੰਘ ਕੰਵਲ ਹੱਡੀ ਵਾਲ਼ਾ ਅਮਲ

?---ਗੁਦਿਆਲ ਸਿੰਘ ਫੁੱਲ ਬਾਕੀ ਮੁੱਕਗੇ ਕੁੱਲ

?---ਮਿੰਦਰ ਰੋਡੂ ਕਲੰਦਰ

(ਸਿਗਰਟ ਮੂੰਹ ’ਚ ਪਾ ਕੇ ਤੀਲੀ ਮੈਨੂੰ ਫੜਾ ਦਿੰਦਾ ਹੈ)

?---ਗੁਰਬਖ਼ਸ਼ ਬਾਹਲਵੀ ਤੀਲੀ ਬਾਲ ਵੀ

?---ਭੂਸ਼ਨ ਧਿਆਨਪੁਰੀ ਬਗਲ ਵਿਚ ਰਾਮ ਰਾਮ ਮੂੰਹ ਵਿਚ ਛੁਰੀ

?---ਸ਼ਿਵ ਕੁਮਾਰ ਛੱਡ ਯਾਰ

####