ਗੱਲ ਤੁਹਾਡੀ – ਪਰ ਅਸਾਡੇ

ਸ਼ਾਇਦ ‘ਸੁਰੰਗ’ ਦਾ ਬੂਹਾ ਖੋਲ੍ਹਣ ਲੱਗਿਆਂ ਸਾਡੇ ਕੋਲੋਂ ਕੋਈ ਕੁਤਾਹੀ ਜਾਂ ਅਣਗਹਿਲੀ ਹੋ ਗਈ ਹੈ, ਜਿਸ ਕਾਰਨ ਤੁਹਾਡੇ ਵਰਗੇ ਸਿਆਣੇ ਲੋਕ ਵੀ ਅਜੇ ਤਕ ਇਸ ਵਿਚ ਦਾਖਲ ਹੋਣੋਂ ਝਿਜਕ ਰਹੇ ਹਨ। ਇਕ ਵਾਰ ਫਿਰ ਅਸੀਂ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਕਲਮ ਕੁੱਝ ਇਹੋ ਜਿਹਾ ਲਿਖਦੀ ਹੋਵੇ, ਜਿਸ ਨੂੰ ਨਸ਼ਰ ਕਰਨ ਲਈ ਦੁਨੀਆ ਦਾ ਕੋਈ ਵੀ ਅਖ਼ਬਾਰ ਜਾਂ ਕੋਈ ਪੱਤਰਕਾਰ ਤਿਆਰ ਨਾ ਹੋਵੇ, ਉਹ ਆਪਣੀ ਲਿਖਤ ‘ਸੁਰੰਗ’ ਰਾਹੀਂ ਨਸ਼ਰ ਕਰੇ। ਜਿਸ ਬੰਦੇ ਨੂੰ ਗੱਲ ਕਰਨੀ ਆਉਂਦੀ ਹੋਵੇ, ਪਰ ਉਸ ਦੀ ਗੱਲ ਕੋਈ ਵੀ ਸੁਣਨ ਲਈ ਤਿਆਰ ਨਾ ਹੋਵੇ, ‘ਸੁਰੰਗ’ ਉਸ ਦੀ ਗੱਲ ਸੁਣੇਗੀ ਹੀ ਨਹੀਂ, ਹੋਰ ਲੋਕਾਂ ਨੂੰ ਵੀ ਸੁਣਾਏਗੀ। ਜਿਸ ਦੀ ਕੋਈ ਨਹੀਂ ਸੁਣਦਾ, ਉਸ ਦੀ ਅਸੀਂ ਸੁਣਾਂਗੇ ਹੀ ਨਹੀਂ, ਅਗਾਂਹ ਸੁਣਾਵਾਂਗੇ ਵੀ। ਸੱਤ ਰਵਾਇਤੀ ‘ਸੁਰਾਂ’ ਅਤੇ ‘ਰੰਗਾਂ’ ਵਿਚ ਤਾਂ ਸਾਰਾ ਜਹਾਨ ਹੀ ਘਿਰਿਆ ਹੋਇਆ ਹੈ, ਇਸੇ ਲਈ ‘ਸੁਰੰਗ’ ਨੇ ‘ਅੱਠਵਾਂ ਸੁਰ’ ਅਤੇ ‘ਅੱਠਵਾਂ ਰੰਗ’ ਅਖ਼ਤਿਆਰ ਕੀਤਾ ਹੈ। ਇਸ ‘ਸੁਰੰਗ’ ਦੇ ਮੂੰਹ ਕਿੱਧਰ-ਕਿੱਧਰ ਖੋਲ੍ਹਣੇ ਹਨ, ਇਸ ਦਾ ਫੈਸਲਾ ‘ਸੁਰੰਗ’ ਦਾ ਮੰਚ ਵਰਤਣ ਵਾਲਿਆਂ ਨੇ ਕਰਨਾ ਹੈ। ਇਸ ਲਈ, ਜਿਹੜੀ ਗੱਲ ਤੁਸੀਂ ਹੋਰ ਕਿਤੇ ਨਾ ਕਰ ਸਕਦੇ ਹੋਵੋ, ਪਰ ਉਹ ਗੱਲ ਦੂਰ ਤਕ ਪਹੁੰਚਾਉਣ ਵਾਲੀ ਹੋਵੇ ਤੇ ਉਸ ਨੂੰ ਨਸ਼ਰ ਕਰਨ ਲਈ ਤੁਹਾਡੇ ਕੋਲ ਕੋਈ ਸਾਧਨ ਨਾ ਹੋਵੇ, ਉਹ ਗੱਲ ਅੱਗੇ ਪਹੁੰਚਾਉਣ ਲਈ ਇਹ ‘ਸੁਰੰਗ’ ਪੁੱਟੀ ਗਈ ਹੈ। ਤੁਸੀਂ ਗੱਲ ਤਾਂ ਕਰੋ, ਅਸੀਂ ਤੁਹਾਡੀ ਗੱਲ ਪਰਾਂ ’ਤੇ ਸਵਾਰ ਕਰ ਦਿਆਂਗੇ।
ਇਕ ਸ਼ਰਤ
ਇਸ ਸਬੰਧ ਵਿਚ ਸ਼ਰਤ ਇਕੋ ਹੀ ਹੈ ਕਿ ਆਪਣੀ ਹਰ ਗੱਲ ‘ਸੁਰੰਗ’ ਰਾਹੀਂ ਕਰੋ, ਪਰ ਕਰੋ ਉਸ ਭਾਸ਼ਾ ਵਿਚ, ਜਿਹੜੀ ਤੁਸੀਂ ਆਪਣੇ ਪਰਿਵਾਰ ਵਿਚ ਬੋਲਦ-ਸੁਣਦੇ ਹੋ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਗੱਲ ਕਰਨ ਲੱਗਿਆਂ ਸ਼ਾਇਸਤਗੀ ਤੇ ਸਲੀਕੇ ਦਾ ਲੜ ਜ਼ਰੂਰ ਫੜੀ ਰੱਖਿਆ ਜਾਵੇ। ‘ਸੁਰੰਗ’ ਉੱਪਰ ਨਾਚ ਨਿਰਦੇਸ਼ਕਾ ਸਰੋਜ ਖ਼ਾਨ, ਜੋ ਇਹ ਕਹਿੰਦੀ ਹੈ ਕਿ ਲੋਕ, ਅਦਾਕਾਰਾ ਗਾਇਤਰੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਦਾ ਵੀ ਪੂਰਾ ਹੱਕ ਹੈ ਤੇ ਮਕਾਊ ਵਿਚ ‘ਆਇਫਾ’ ਵਲੋਂ ਸਾਰੀ ਉਮਰ ਦੀਆਂ ਪ੍ਰਾਪਤੀਆਂ ਲਈ ਇਨਾਮ ਹਾਸਲ ਕਰਨ ਵਾਲੇ ਰਾਜੇਸ਼ ਖੰਨਾ ਦਾ ਵੀ ਉਨਾ ਹੀ ਹੱਕ ਹੈ। ਹੰਸ ਰਾਜ ‘ਹੰਸ’ ਜੋ ਮੈਂਬਰ ਪਾਰਲੀਮੈਂਟ ਦੀ ਚੋਣ ਹਾਰ ਕੇ ਵੀ ‘ਰਾਜ ਗਾਇਕ’ ਅਤੇ ‘ਪਦਮਸ਼ਿਰੀ’ ਵਜੋਂ ਬਰਕਰਾਰ ਹੈ, ‘ਸੁਰੰਗ’ ਮੰਚ ਦਾ ਬਰਾਬਰ ਦਾ ਭਾਈਵਾਲ ਹੈ। ਫ਼ਿਲਮ ਨਗਰੀ ਸਾਡੀ ‘ਰੰਗ ਨਗਰੀ’ ਹੈ ਤੇ ਗੀਤਕਾਰ, ਸ਼ਾਇਰ ਤੇ ਗਾਇਕ ਸਾਡੀ ‘ਸੁਰ ਨਗਰੀ’ ਦੇ ਸ਼ਹਿਜ਼ਾਦੇ ਹਨ। ‘ਸੁਰੰਗ’ ਦਾ ਮੂੰਹ ਇਨ੍ਹਾਂ ਦੋਹਾਂ ਨਗਰੀਆਂ ਵੱਲ ਖੁੱਲ੍ਹਾ ਹੈ। ਇਸ ਮਾਮਲੇ ਵਿਚ ਰੰਗਮੰਚ ਵਾਲੇ ਵੀ ਆਪਣੇ-ਆਪ ਨੂੰ ਵੱਖਰੇ ਨਾ ਸਮਝਣ ਕਿਉਂ ਕਿ ‘ਰੰਗ ਨਗਰੀ’ ਇਕ ਤਰ੍ਹਾਂ ਨਾਲ ਰੰਗਮੰਚ ਦਾ ਪਸਾਰ ਹੀ ਹੈ। ਸੋ ‘ਸੁਰੰਗ’ ਦਾ ਲਿਪਿਆ-ਪੋਚਿਆ ਮੰਚ ਹਾਜ਼ਰ ਹੈ, ਜਿਸ ਨੇ ਭੰਗੜਾ ਪਾਉਣਾ, ਭੰਗੜਾ ਪਾਵੇ; ਜਿਸ ਨੇ ਗੀਤ ਗਾਉਣਾ, ਗੀਤ ਗਾਵੇ; ਜਿਸ ਨੇ ਨਜ਼ਮ ਸੁਣਾਉਣੀ ਹੈ, ਨਜ਼ਮ ਸੁਣਾ ਲਵੇ ਅਤੇ ਜਿਸ ਨੇ ਆਪਣੇ ਮਨ ਦੀ ਕੋਈ ਬਾਤ ਪਾਉਣੀ ਹੋਵੇ, ਉਹ ਬਾਤ ਪਾ ਲਵੇ।

-ਸੁਰੰਗਸਾਜ਼

No comments:

Post a Comment