ਬੰਗਾ ਵਿਚ ‘ਡੌਲਫਿਨ ਕਲੱਬ’ ਦੀ ਮਹਿਫ਼ਿਲ ਵਿਚ ਸ਼ਰੀਕ ਹੋਣ ਤੋਂ ਬਾਅਦ ‘ਸਿਟੀ ਕਲੱਬ’ ਵਿਚ ਇਕ ਮੁਲਾਕਾਤ ਸਮੇਂ ਡਾਕਟਰ ਸਤਿੰਦਰ ਸਰਤਾਜ ਅਤੇ ਬਖ਼ਸ਼ਿੰਦਰ
ਕੋਈ ਦੋ ਕੁ ਸਾਲਾਂ ਤੋਂ ਸੰਗੀਤ-ਸੰਸਾਰ ਵਿਚ ਇਕ ਡਾਕਟਰ ਦੇ ਨਾਂ ਦਾ ਬੜਾ ਰੌਲ਼ਾ ਜਿਹਾ ਪਿਆ ਹੋਇਆ ਹੈ ਤੇ ਪਿਛਲੇ ਸਾਲ ਕੁ ਭਰ ਤੋਂ ਇਹ ਰੌਲ਼ਾ ਕੁੱਝ ਬਹੁਤਾ ਹੀ ਨਹੀਂ, ਸਗੋਂ ਬਹੁਤਾ ਹੀ ਉੱਚਾ ਵੀ ਹੋ ਗਿਆ ਹੈ। ਇਹ ਰੌਲ਼ਾ ਇੰਟਰਨੈੱਟ ਰਾਹੀਂ ਪੈਣਾ ਸ਼ੁਰੂ ਹੋਇਆ ਸੀ। ਮੇਰੇ ਪਾਠਕਾਂ ਦੀ ਭੋਲ਼ੀ-ਭਾਲੀ ਕੌਮ, ਖ਼ੌਰੇ ਇਹੋ ਸੋਚੀ ਜਾਂਦੀ ਹੋਣੀ ਹੈ ਕਿ ਮੇਰੇ ਕੋਲੋਂ ਕੋਈ ਗ਼ਲਤੀ ਹੋ ਗਈ ਹੈ, ਜਿਹੜਾ ਮੈਂ ਸੁਰ-ਸੰਸਾਰ ਵਿਚ ਰੌਲ਼ਾ ਪੈਣ ਦੀ ਗੱਲ ਇਕ ਡਾਕਟਰ ਨਾਲ ਜੋੜ ਦਿੱਤੀ ਹੈ। ਨਹੀਂ, ਮੇਰੀ ਪਿਆਰੀ ਪਾਠਕਾਂ ਵਾਲ਼ੀ ਸਰਕਾਰ, ਜੇ ਫ਼ਿਲਮਾਂ ਵਿਚ ਅਦਾਕਾਰੀ ਦੇ ਮਾਮਲੇ ’ਚ ਡਾਕਟਰ ਸ਼੍ਰੀਰਾਮ ਲਾਗੂ ਅਤੇ ਡਾਕਟਰ ਮਨਮੋਹਨ ਕ੍ਰਿਸ਼ਨ ਅਤੇ ਸਕਰਿਪਟ ਲਿਖਣ ਦੇ ਮਾਮਲੇ ਵਿਚ ਡਾਕਟਰ ਰਾਹੀ ਮਾਸੂਮ ਰਜ਼ਾ ਦਾ ਰੌਲ਼ਾ ਪੈ ਸਕਦਾ ਹੈ ਤਾਂ ਸੰਗੀਤ ਦੇ ਮਾਮਲੇ ਵਿਚ ਕਿਸੇ ਡਾਕਟਰ ਦਾ ਰੌਲਾ ਕਿਉਂ ਨਹੀਂ ਪੈ ਸਕਦਾ, ਉਹ ਵੀ ਉਦੋਂ, ਜਦੋਂ ਉਹ ਡਾਕਟਰ ਹੋਵੇ ਵੀ ਸੰਗੀਤ ਸ਼ਾਸਤਰ ਦਾ।
ਹੁਣ ਕੋਈ ਇਹ ਨਾ ਪੁੱਛੇ ਪਈ ਭਲਾ ਕੋਈ ਸੰਗੀਤ ਦਾ ਡਾਕਟਰ ਕਿੱਦਾਂ ਹੋ ਸਕਦਾ ਹੈ ਜਾਂ ਭਲਾ ਸੰਗੀਤ ਵੀ ਕੋਈ ਬਿਮਾਰੀ ਹੈ। ਮੈਂ ਸੰਗੀਤ ਦੇ ਜਿਸ ਡਾਕਟਰ ਦੀ ਗੱਲ ਕਰ ਰਿਹਾ ਹਾਂ, ਉਸ ਦਾ ਨਾਂ ਸਤਿੰਦਰ ਸਰਤਾਜ ਹੈ। ਕੋਈ ਆਪ ਹੀ ਆਪਣਾ ਨਾਮ, ਉਪਨਾਮ ਜਾਂ ਤਖ਼ੱਲਸ ‘ਸਰਤਾਜ’ ਰੱਖ ਲਵੇ ਤਾਂ ਉਸ ਨੂੰ ਵੀਹ ਥਾਂਈਂ ਇਸ ਬਾਰੇ ਚੁੰਝ-ਚਰਚਾ ਸਹਿਣੀ ਸਕਦੀ; ਹੈ, ਪਰ ਸਤਿੰਦਰ ਦੇ ਨਾਂ ਪਿੱਛੇ ਲੱਗਿਆ ਹੋਇਆ ‘ਸਰਤਾਜ’, ਚੁੰਝ-ਚਰਚਾ ਵਿਚ ਆਉਣ ਦੀ ਥਾਂ, ਹੋਰ ਵੀ ਸਾਰਥਕ ਹੋ ਗਿਆ ਹੈ।
ਜਿੱਦਾਂ ਕਿਸੇ ਪ੍ਰੋਗਰਾਮ ਜਾਂ ਕਿਸੇ ਮੈਚ ਦੇ ਪ੍ਰਸਾਰਣ ਦੌਰਾਨ ਮੇਜ਼ਬਾਨ ਜਾਂ ਕੰਮੈਂਟੇਟਰ ਘੜੀ ਮੁੜੀ ਕਿਹਾ ਕਰਦੇ ਹਨ: “ਜਿਨ ਲੋਗੋਂ ਨੇ ਅਭੀ-ਅਭੀ ਅਪਨੇ ਟੀ.ਵੀ. ਸੈੱਟਸ ਆਨ ਕੀਏ ਹੈਂ ਯਾ ਜੋ ਦਰਸ਼ਕ ਗਣ ਅਭੀ-ਅਭੀ ਹਮਾਰੇ ਸਾਥ ਸ਼ਰੀਕ ਹੂਏ ਹੈਂ, ਉਨ ਕੋ ਬਤਾਦੇਂ ਕਿ....”, ਬਿਲਕੁਲ ਉਸੇ ਹੀ ਤਰ੍ਹਾਂ ਅਸੀਂ ਆਪਣੇ ਉਨ੍ਹਾਂ ਪਾਠਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਪੰਜਾਬੀ ਗੀਤ-ਸੰਗੀਤ ਦੇ ਸ਼ੋਰ ਅਤੇ ਪ੍ਰਦੂਸ਼ਣ ਤੋਂ ਅੱਕ ਕੇ ਰੇਡੀਓ ਸੁਣਨਾ ਬੰਦ ਕੀਤਾ ਹੋਇਆ ਹੈ ਜਾਂ ਜਿਨ੍ਹਾਂ ਨੇ ਆਪਣੀਆਂ ਕਾਰਾਂ ਵਿਚੋਂ ਰੇਡੀਓ ਸੈੱਟ ਅਤੇ ਸਟੀਰੀਓ ਲੁਹਾ ਕੇ ਸਟੋਰਾਂ ਵਿਚ ‘ਦਫ਼ਨਾਏ’ ਹੋਏ ਹਨ, ਉਹ ਆਪਣੇ ਉਹ ਸੈੱਟ ਝਾੜ-ਬਣਾ ਕੇ, ਸਾਫ ਕਰਾ ਕੇ ਯਾਨੀ ਨਵੇਂ ਸਿਰਿਓਂ ‘ਜੀਉਂਦੇ’ ਕਰਾ ਕੇ, ਫਿਰ ਆਪਣੀਆਂ ਕਾਰਾਂ ਅਤੇ ਡਰਾਇੰਗ ਰੂਮਾਂ ਵਿਚ ਲੁਆ ਲੈਣ ਕਿਉਂ ਕਿ ਸੰਗੀਤ ਦੇ ਮਾਮਲੇ ਵਿਚ, ਖ਼ਾਸ ਤੌਰ ’ਤੇ ਪੰਜਾਬੀ ਸੰਗੀਤ ਦੇ ਮਾਮਲੇ ਵਿਚ ਸੱਜਰੀ ਹਵਾ ਦਾ ਇਕ ਬੁੱਲਾ ਆ ਗਿਆ ਹੈ, ਜਿਸ ਦਾ ਨਾਂ ਹੈ ਡਾਕਟਰ ਸਤਿੰਦਰ ਸਰਤਾਜ।
ਕਹਿੰਦੇ ਹਨ ਕਿ ਕਿਸੇ ਗੱਲ ਦੇ ਸੱਚੀ ਹੋਣ ਦਾ ਵੱਡਾ ਸਬੂਤ, ਉਸ ਨੂੰ ਆਪਣੀਂ ਅੱਖੀਂ ਦੇਖਣਾ ਜਾਂ ਆਪਣੇ ਕੰਨੀਂ ਸੁਣਨਾ ਹੁੰਦਾ ਹੈ, ਪਰ ਅੱਜ ਕੱਲ੍ਹ ਇਹ ਵੀ ਕਿਹਾ ਜਾਣ ਲੱਗ ਪਿਆ ਹੈ ਕਿ ਬਹੁਤੀ ਵਾਰੀ ਸੱਚ ਉਹੀ ਨਹੀਂ ਹੁੰਦਾ, ਜੋ ਅੱਖਾਂ ਨੂੰ ਦਿਸਦਾ ਹੁੰਦਾ ਹੈ ਅਤੇ ਕੰਨਾਂ ਨੂੰ ਸੁਣਦਾ ਹੁੰਦਾ ਹੈ ਕਿਉਂ ਕਿ ਕਈ ਵਾਰੀ ਸੱਚ ਰੂਪੋਸ਼ ਯਾਨੀ ‘ਅੰਡਰਗਰਾਊਂਡ’ ਵੀ ਹੁੰਦਾ ਹੈ। ਸੱਚ ਵਲੋਂ ਝੂਠ ਦਾ ਤੇ ਝੂਠ ਵਲੋਂ ਸੱਚ ਦਾ ਭੇਸ ਧਾਰਨ ਦੀਆਂ ਖ਼ਬਰਾਂ ਤਾਂ ਅਖ਼ਬਾਰਾਂ ਵਿਚ ਨਿੱਤ ਛਪਦੀਆਂ ਰਹਿੰਦੀਆਂ ਹਨ।
ਗੱਲ ਹੋਰ ਹੀ ਪਾਸੇ ਨਾ ਮੁੜ ਜਾਵੇ, ਇਸ ਲਈ ਮੋੜਾ ਪਾਉਣਾ ਹੀ ਬਿਹਤਰ ਹੈ। ਹਾਂ, ਤੇ ਗੱਲ ਹੋ ਰਹੀ ਸੀ ਸੰਗੀਤ ਤੇ ਉਸ ਦੇ ਇਕ ਡਾਕਟਰ ਯਾਨੀ ਸਤਿੰਦਰ ਸਰਤਾਜ ਦੀ ਤੇ ਉਸ ਨੂੰ ਗਾਉਂਦਾ ਆਪਣੀਂ ਅੱਖੀਂ ਦੇਖਣ ਦੀ ਤੇ ਆਪਣੇ ਕੰਨੀਂ ਸੁਣਨ ਦੀ। ਪਿਛਲੇ ਦਿਨੀਂ ਮੈਂ ਡਾਕਟਰ ਸਤਿੰਦਰ ਸਰਤਾਜ ਨੂੰ ਇਕ ਮਹਿਫ਼ਿਲ ਵਿਚ ਗਾਉਂਦੇ ਨੂੰ, ਉਸ ਦੇ ਬਿਲਕੁਲ ਸਾਹਮਣੇ ਬੈਠ ਕੇ ਸੁਣਿਆ। ਇਹ ਮੌਕਾ ਸੀ, ‘ਡੌਲਫਿਨ ਕਲੱਬ, ਬੰਗਾ’ ਵਲੋਂ ਗੁਰੂ ਨਾਨਕ ਕਾਲਜ, ਬੰਗਾ ਦੇ ਮੈਦਾਨ ਵਿਚ ਡਾਕਟਰ ਸਰਤਾਜ ਨੂੰ ਸਰੋਤਿਆਂ ਦੇ ਸਾਹਮਣੇ ਲਿਆਉਣ ਦਾ।
ਸਤਿੰਦਰ ਸਰਤਾਜ ਗਾਇਨ-ਕਲਾ ਦਾ ਉਹ ਸੂਰਜ ਹੈ, ਜਿਸ ਨੂੰ ਇਸ ਕਲਾ ਦੇ ਅੰਬਰ ਵਿਚ ਚੜ੍ਹਨ ਲਈ, ਆਪਣੀ ਧਰਤੀ, ਆਪਣੀ ਮਿੱਟੀ ਅਤੇ ਆਪਣੇ ਹਿੱਸੇ ਦਾ ਆਕਾਸ਼ ਤਕ ਛੱਡਣਾ ਪਿਆ। ਮੈਨੂੰ ਸਭ ਤੋਂ ਪਹਿਲਾਂ ਸਤਿੰਦਰ ਦਾ ਇਲਮ, ਇੰਟਰਨੈੱਟ ਰਾਹੀਂ ਮਿਲੇ ਇਕ ਸੁਨੇਹੇ ਤੋਂ ਹੋਇਆ ਸੀ। ਉਸ ਸੁਨੇਹੇ ਦੀ ਇਬਾਰਤ ਕੁੱਝ ਇਸ ਤਰ੍ਹਾਂ ਸੀ: “ਜਨਾਬ ਡਾ. ਸਤਿੰਦਰ ਸਰਤਾਜ ਦੀ ਮਹਿਫ਼ਿਲ-ਵੇਖਾਂਗੇ।” ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਮੈਂ ਇਹ ਸੁਨੇਹਾ ਪੜ੍ਹ ਕੇ ਰਤਾ ਕੁ ਖਿਝ ਕੇ ਕਿਹਾ ਸੀ, “ਜੋ ਮਰਜ਼ੀ ਦੇਖੋ, ਸਾਨੂੰ ਕਿਉਂ ਦੱਸਦੇ ਹੋ?”
ਫਿਰ ਕੁੱਝ ਅਰਸੇ ਬਾਅਦ ਮੈਂ ਕਿਤੇ ਸਤਿੰਦਰ ਸਰਤਾਜ ਵਲੋਂ ਗਾਇਆ ਹੋਇਆ ਇਕ ਰਿਕਾਰਡਿਡ ਗੀਤ ‘ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਝੱਖੜ ਝੁੱਲੂ ਵੇਖਾਂਗੇ...’ ਸੁਣਿਆ ਤਾਂ ਮੈਨੂੰ ਨੈੱਟ ਰਾਹੀਂ ਆਏ ਉਸ ਸੁਨੇਹੇ ਦੀ ਸਮਝ ਆਈ। ਜਦੋਂ ਉਹ ਸੁਨੇਹਾ ਮਿਲਿਆ ਸੀ, ਮੈਂ ਉਸ ਨੂੰ ਸਮਝ ਨਹੀਂ ਸਕਿਆ ਸਾਂ ਕਿਉਂ ਕਿ ਉਹ ਸੁਨੇਹਾ ਸਮਝਾਉਣ ਦੀ ਥਾਂ ਉਲਝਾਉਂਦਾ ਜ਼ਿਆਦਾ ਲੱਗਿਆ ਸੀ। ਉਦੋਂ ਮੇਰੇ ਦਿਮਾਗ਼ ਵਿਚ ਇਹ ਵੀ ਆਇਆ ਸੀ ਕਿ ਕੋਈ ਡਾਕਟਰ ਹੈ ਬੇਚਾਰਾ, ਜੋ ਨੰਬਰਾਂ-ਨੁੰਬਰਾਂ ਦੇ ਬੇਸ ’ਤੇ ਕੈਨੇਡਾ ਚਲੇ ਤਾਂ ਗਿਆ ਹੈ, ਪਰ ਉੱਥੇ ਉਸ ਦਾ ਕੰਮ ਨਹੀਂ ਚੱਲਿਆ, ਜਿਸ ਕਰ ਕੇ ਉਸ ਨੇ ‘ਜੋ ਲੋਗ ਕੁੱਛ ਨਹੀਂ ਕਰਤੇ, ਕਮਾਲ ਕਰਤੇ ਹੈਂ’ ਦੀ ਤਰਜ਼ ’ਤੇ ਹੋਰ ਕੁੱਝ ਨਾ ਸਹੀ ਤਾਂ ਗਾਇਕ ਹੀ ਬਣ ਜਾਂਦੇ ਹਾਂ, ਸੋਚ ਕੇ ਗਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਸਭ ਕੁੱਝ ਮਿਲਾ ਲਿਆ ਜਾਵੇ ਤਾਂ ਮੇਰੇ ਮਨ ਵਿਚ ਇਹੋ ਜੋੜ ਬਣਿਆ ਸੀ ਕਿ ਡਾਕਟਰੀ ਚੱਲੀ ਨਹੀਂ ਬੇਚਾਰੇ ਦੀ, ਜਿਸ ਕਰ ਕੇ ਅਗਲੇ ਨੇ ਗਲ ’ਚੋਂ ਸਟੈਥੋਸਕੋਪ ਕੱਢ ਕੇ ਹੱਥ ਵਿਚ ਡੱਫਲੀ ਜਾਂ ਤੂੰਬੀ ਫੜ ਲਈ ਹੋਣੀ ਹੈ। ਕੁੱਝ ਅਰਸੇ ਲਈ ਇਹ ਗੱਲ ਆਈ-ਗਈ ਹੋ ਗਈ।
ਇਕ ਦਿਨ, ਕੈਨੇਡਾ ’ਚ ਸਰੀ ਦੇ ਰੇਡੀਓ ‘ਰੈੱਡ ਐੱਫ ਐੱਮ’ ਵਿਚ ਕੰਮ ਕਰਦੀ ਮੇਰੀ ਧੀ ਨਵਜੋਤ ਵਲੋਂ ਇਕ ਮੇਲ ਆਈ, ਜਿਸ ਵਿਚ ਉਸ ਨੇ ਇਕ ਗਾਇਕ ਦਾ ਜ਼ਿਕਰ ਕਰ ਕੇ, ਉਸ ਦੇ ਰੇਡੀਓ ਦੀ ਵੈੱਬਸਾਈਟ ’ਤੇ ਪਈ ਇਕ ਪ੍ਰੋਗਰਾਮ ਦੀ ਰਿਕਾਰਡਿੰਗ ਸੁਣਨ ਲਈ ਕਿਹਾ ਸੀ। ਮੈਂ ਉਸੇ ਵੇਲ਼ੇ ਉਹ ਸਾਈਟ ਖੋਲ੍ਹ ਕੇ ਉਹ ਰਿਕਾਰਡਿੰਗ ਸੁਣਨ ਲੱਗਿਆ। ਇਕ ਵਾਰ ਸੁਣ ਕੇ ਮੈਂ ਉਹ ਰਿਕਾਰਡਿੰਗ ਦੁਬਾਰਾ ਸੁਣੀ ਤੇ ਫਿਰ ਆਪਣੀ ਧੀ ਨੂੰ ਮੇਲ ਕਰ ਕੇ ਉਸ ਵਲੋਂ ਇਕ ਬਹੁਤ ਹੀ ਗੁਣੀ ਬੰਦੇ ਨਾਲ ਇਕ ਵਧੀਆ ਇੰਟਰਵਿਊ ਕਰਨ ’ਤੇ ਉਸ ਨੂੰ ਵਧਾਈ ਦਿੱਤੀ। ਜਿਸ ਗਾਇਕ ਨਾਲ ਕੀਤਾ ਹੋਇਆ ਉਹ ਇੰਟਰਵਿਊ ਮੈਂ ਉੱਪਰੋਥਲੀ ਦੋ ਵਾਰ ਸੁਣਿਆ, ਉਹ ਹੋਰ ਕੋਈ ਨਹੀਂ, ਡਾਕਟਰ ਸਤਿੰਦਰ ਸਰਤਾਜ ਹੀ ਸੀ।
ਫਿਰ ਪਿਛਲੇ ਸਾਲ ਜਦੋਂ ਮੈਂ ਫਿਰ ਕੈਨੇਡਾ ਗਿਆ ਤਾਂ ਉੱਥੋਂ ਦੀ ਫ਼ਿਜ਼ਾ ਵਿਚ ‘ਸਤਿੰਦਰ ਸਰਤਾਜੀਅਤ’ ਭਰੀ ਹੋਈ ਸੀ ਜਾਂ ‘ਸਰਤਾਜੀਆ ਸਤਿੰਦਰੀ’ ਛਾਈ ਹੋਈ ਤੇ ਸਾਰਾ ਹੀ ਕੈਨੇਡਾ ‘ਸਤਿੰਦਰ ਸਰਤਾਜਾਨਾ’ ਹੋਇਆ ਪਿਆ ਸੀ। ਮੈਂ ਜਿੱਥੇ ਵੀ ਗਿਆ, ਪਤਾ ਨਹੀਂ ਕਿੱਦਾਂ, ਗੱਲ ਘੁੰਮ-ਘੁਮਾ ਕੇ ਸਤਿੰਦਰ ਸਰਤਾਜ ਵੱਲ ਮੁੜ ਜਾਂਦੀ। ਜਿਸ ਬੰਦੇ ਨੂੰ ਕਦੇ ਸੰਗੀਤ ਦੇ ਨੇੜੇ ਢੁੱਕਦਾ ਵੀ ਨਹੀਂ ਦੇਖਿਆ ਸੀ, ਉਹ ਵੀ ਸਰਤਾਜ ਦਾ ਗੁਣਗਾਨ ਕਰ ਰਿਹਾ ਸੀ। ਫਿਰ ਵਤਨ ਪਰਤ ਕੇ ਮੈਂ ਸੁਣਿਆ ਕਿ ਲੁਧਿਆਣਾ ਵਿਚ ਹੋਈ, ਸਤਿੰਦਰ ਸਰਤਾਜ ਦੀ ਇਕ ਮਹਿਫ਼ਿਲ ਵਿਚ ਪੰਜਾਬੀ ਦੇ ਕਈ ਉਹ ਨਾਮਵਰ ਗਾਇਕ ਨੱਚ ਕੇ ਗਏ, ਜੋ ਕਈ ਸਾਲਾਂ ਤੋਂ ਆਪਣੇ ਗੀਤਾਂ ਤੇ ਗਾਉਣ-ਕਲਾ ਨਾਲ ਲੋਕਾਂ ਨੂੰ ਨਚਾਉਂਦੇ ਆ ਰਹੇ ਸਨ।
ਹਾਂ, ਸੱਚ ਨੱਚਣ-ਨਚਾਉਣ ਤੋਂ ਚੇਤੇ ਆ ਗਿਆ ਕਿ ਸਤਿੰਦਰ ਸਰਤਾਜ ਬੈਠ ਕੇ ਯਾਨੀ ਮਹਿਫ਼ਿਲੀ ਅੰਦਾਜ਼ ਵਿਚ ਗਾਉਂਦਾ ਹੈ ਤੇ ਉਸ ਦੇ ਸੰਗੀਤ ਪ੍ਰੋਗਰਾਮ ਨੂੰ ‘ਮਹਿਫ਼ਿਲ’ ਹੀ ਕਿਹਾ ਜਾਂਦਾ ਹੈ। ਮਹਿਫ਼ਿਲੀ ਅੰਦਾਜ਼ ਵਿਚ ਗਾਉਣ ਤੋਂ ਇਹ ਭਰਮ ਪੈਣ ਦੀ ਗੁੰਜਾਇਸ਼ ਕਾਫੀ ਰਹਿੰਦੀ ਹੈ ਕਿ ਉਸ ਦੀ ਮਹਿਫ਼ਿਲ ਵਿਚ ਨੱਚਣ ਦੀ ਜਾਂ ਸੀਟੀਆਂ ਮਾਰਨ ਦੀ ਮਨਾਹੀ ਹੁੰਦੀ ਹੋਵੇਗੀ। ਮੈਂ ਉਸ ਦੀ ਮਹਿਫ਼ਿਲ ਵਿਚ ਦੇਖਿਆ ਕਿ ਉਸ ਦੇ ਗਾਉਣ ’ਤੇ ਨੱਚਣ ਦੀ, ਸੀਟੀਆਂ ਮਾਰਨ ਦੀ ਕੋਈ ਮਨਾਹੀ ਨਹੀਂ, ਸਗੋਂ ਜਦੋਂ ਉਹ ਗਾਉਂਦਾ ਹੈ ਤੇ ਗਾ ਕੇ ਰੰਗ ਬੰਨ੍ਹਦਾ ਹੈ ਤਾਂ ਪਤਾ ਹੀ ਹੀਂ ਲੱਗਦਾ ਕਿ ਪੈਰ ਕਦੋਂ ਹਰਕਤ ਵਿਚ ਆ ਜਾਂਦੇ ਹਨ ਜਾਂ ਸੀਟੀਆਂ ਕਦੋਂ ਬੁੱਲ੍ਹਾਂ ਵਿਚੋਂ ‘ਰਿਹਾਅ’ ਹੋਣ ਲੱਗ ਪੈਂਦੀਆਂ ਹਨ। ਸਤਿੰਦਰ ਤੇ ਉਸ ਦਾ ਗਾਇਨ ਲੋਕਾਂ ਨੂੰ ਨਚਾਉਂਦੇ ਹਨ ਤਾਂ ਉਸ ਦਾ ਆਲਮ ਵੀ ਨਿਰਾਲਾ ਹੀ ਹੁੰਦਾ ਹੈ। ਸਤਿੰਦਰ ਬੈਠ ਕੇ ਗਾਉਂਦਾ ਹੈ, ਜਿਸ ਕਰ ਕੇ ਉਸ ਦੀਆਂ ਲੱਤਾਂ ਤੇ ਪੈਰਾਂ ਦੀ ਥਾਂ, ਉਸ ਦਾ ਧੜ ਪੂਰੀ ਤਰ੍ਹਾਂ ਨੱਚ ਰਿਹਾ ਹੁੰਦਾ ਹੈ, ਝੂਮ ਰਿਹਾ ਹੁੰਦਾ ਹੈ। ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਗਾਇਨ, ਜਿਸ ਨੂੰ ‘ਵੱਡੇ-ਵੱਡੇ ਵਿਦਵਾਨ’ ਵੀ ‘ਗਾਇਕੀ’ ਕਹਿਣ-ਲਿਖਣ ਲੱਗ ਪਏ ਹਨ, ਇਸ ਮਿਹਣੇ ਦਾ ਸ਼ਿਕਾਰ ਹੋ ਗਿਆ ਸੀ ਕਿ ਉਸ ਨਾਲ ਸਰੋਤੇ ਮਸਤ ਹੋ ਕੇ ਝੂੰਮਦੇ ਨਹੀਂ। ਬਹੁਤ ਸਾਰੇ ਸੋਗਮਈ ਗੀਤਾਂ ਦੀਆਂ ਤਰਜ਼ਾਂ ਵੀ ਇਸ ਢੰਗ ਨਾਲ ਬਣਾਈਆਂ ਜਾਂਦੀਆਂ ਰਹੀਆਂ ਹਨ ਕਿ ਉਨ੍ਹਾਂ ਨੂੰ ਸੁਣ ਕੇ ਰੋਣਾ ਨਹੀਂ, ਨੱਚਣਾ ਆ ਜਾਂਦਾ ਸੀ। ਹਾਂ, ਉਨ੍ਹਾਂ ਸੋਗਮਈ ਗੀਤਾਂ ’ਤੇ ਲੋਕਾਂ ਨੂੰ ਨੱਚਦੇ ਦੇਖ ਕੇ ਰੋਣਾ ਜ਼ਰੂਰ ਆਉਂਦਾ ਹੁੰਦਾ ਸੀ। ਸੰਗੀਤ ਵਲੋਂ ਨਚਾਉਣ ਦੀ ਥਾਂ ਲੋਕਾਂ ਨੂੰ ਝੂੰਮਣ ਨਾ ਲਾਉਣ ਦੇ ਸਾਰੇ ਮਿਹਣੇ ਸਤਿੰਦਰ ਸਰਤਾਜ ਨੇ ਪਹਿਲੀ ਸੱਟੇ, ਪਹਿਲੇ ਹੱਲੇ ਹੀ ਦੂਰ ਕਰ ਦਿੱਤੇ ਹਨ।
ਇਸ ਗਾਇਕ ਦੀਆਂ ਮਹਿਫ਼ਿਲਾਂ ਵਿਚ ਅਧਨੰਗੇ ਜਾਂ ਅੱਧਢਕੇ ਪਿੰਡਿਆਂ ਵਾਲੀਆਂ ਕੁੜੀਆਂ ਨੱਚਦੀਆਂ ਨਹੀਂ ਦਿਸੀਆਂ। ਉਸ ਦੇ ਗੀਤਾਂ ਦੇ ਬੋਲ, ਜੋ ਉਸ ਦੇ ਆਪਣੇ ਲਿਖੇ ਹੋਏ ਹਨ, ਵੰਗ ਜਿੰਨੀ ਅਸ਼ਲੀਲਤਾ ਤੋਂ ਵੀ ਬਗ਼ੈਰ ਹਨ। ਉਸ ਦੀਆਂ ਮਹਿਫ਼ਿਲਾਂ ਵਿਚ ਸਾਰੇ ਪਰਿਵਾਰ ਦੇ ਜੀਅ ਇਕੱਠਿਆਂ ਸ਼ਰੀਕ ਹੋ ਕੇ ਸ਼ਰਮਸਾਰ ਨਹੀਂ ਹੁੰਦੇ। ਕਈ ਵਾਰ ਹੈਰਾਨੀ ਵੀ ਹੁੰਦੀ ਹੈ ਕਿ ਹੁਣ ਤਕ ਗੰਦੇ ਬੋਲਾਂ ਵਾਲੇ ਗੀਤ ਸੁਣ-ਸੁਣ ਕੇ ਤੇ ਰੌਲ਼ੇ ਵਰਗੇ ਸੰਗੀਤ ਦੀ ਆਦੀ ਹੋ ਚੁੱਕੀ, ਪੰਜਾਬ ਦੀ ਅੱਧੀ ਤੋਂ ਵੱਧ ਜੁਆਨੀ ਦੇ ਸਿਰ ਸਿਰਤਾਜ ਨੇ ਕੀ ਧੂੜ ਦਿੱਤਾ ਹੈ, ਜੋ ਉਸ ਦੀ ਭਖੀ ਮਹਿਫ਼ਿਲ ਠੰਢੀ ਕਰ ਕੇ ਉਸ ਨੂੰ ਦੁਬਾਰਾ ‘ਸਾਈਂ’ ਗਾਉਣ ਲਈ ਮਜਬੂਰ ਕਰਦੀ ਹੈ।
ਉਸ ਦਿਨ ਸਤਿੰਦਰ ਦੀ ਉਸ ਮਹਿਫ਼ਿਲ ਵਿਚ ਸ਼ਰੀਕ ਹੋ ਕੇ ਪੰਜਾਬੀ ਗਾਇਨ (ਗਾਇਕੀ ਨਹੀਂ) ਦੇ ਅਤੀਤ ਤੇ ਭਵਿੱਖ ਬਾਰੇ ਕਈ ਸੁਆਲ ਵੀ ਮਨ ਵਿਚ ਆਏ, ਜਿਨ੍ਹਾਂ ਦੇ ਜੁਆਬ ਦੇਣ ਲਈ ਉਸ ਨੇ ਇਕ ਲੰਬੀ ਮੁਲਾਕਾਤ ਕਰਨ ਦਾ ਵਾਅਦਾ ਕੀਤਾ ਹੈ। ਓਦਾਂ ਇਹ ਸਤਿੰਦਰ ਦੀ ਗਾਇਨ-ਕਲਾ ਦੀਆਂ ਬਰਕਤਾਂ ਹੀ ਹਨ ਕਿ ਇਕਬਾਲ ਮਾਹਲ ਨੂੰ ਉਹ ਸਭ ਕੁੱਝ, ਸਤਿੰਦਰ ਸਰਤਾਜ ਤੋਂ ਥੋੜ੍ਹੇ ਜਿਹੇ ਸਮੇਂ ਵਿਚ ਹੀ ਹਾਸਲ ਹੋ ਗਿਆ, ਜੋ ਉਸ ਨੂੰ ਨਾ ਤਾਂ ਸੁਰਿੰਦਰ ਕੌਰ ਦਾ ਪੁੱਤ ਬਣ ਕੇ ਮਿਲਿਆ ਸੀ, ਨਾ ਜਗਜੀਤ ਸਿੰਘ ਦਾ ਰਿਸ਼ਤੇਦਾਰ ਬਣ ਕੇ।
No comments:
Post a Comment