ਜਿਸ ਦਿਨ ਤੋਂ ਇਹ ਸਫਾ ਮੱਲਿਆ ਹੈ, ਸੋਚੀ ਜਾ ਰਹੇ ਹਾਂ ਕਿ ਅਣਜਾਣਪੁਣੇ ਵਿਚ ਇਹ ‘ਡੱਕਾ’ ਲੈ ਤਾਂ ਲਿਆ ਹੈ, ਵੱਡੇ ਤੋਂ ਵੱਡੇ ਦਾਨਿਸ਼ਵਰਾਂ ਨਾਲ ਭਰੇ ਹੋਏ ਇਸ ਸੰਸਾਰ ਵਿਚ ਨਿਭ ਵੀ ਸਕਾਂਗੇ ਜਾਂ ਹਾਸੇ-ਠੱਠੇ ਦਾ ਸਾਮਾਨ ਬਣ ਕੇ ਹੀ ਰਹਿ ਜਾਵਾਂਗੇ? ਸ਼ਾਇਦ ਤੁਸੀਂ ਵੀ ਸੋਚਦੇ ਰਹੇ ਹੋਵੋਗੇ ਕਿ ਇਹ ਕੌਣ ਹਨ, ਜਿਹੜੇ ਇਹ ਤਾਂ ਦੱਸ ਗਏ ਹਨ ਕਿ ‘ਸੁਰੰਗ’ ਦਾ ਮਤਲਬ ਜ਼ਮੀਨ ਹੇਠ ਬਣਾਇਆ ਹੋਇਆ ਗੁਪਤ ਰਾਹ ਹੀ ਨਹੀਂ ਹੁੰਦਾ, ਇਹ ‘ਸੁਰ’ ਤੇ ‘ਰੰਗ’ ਦਾ ਮੇਲ ਵੀ ਹੋ ਸਕਦੀ ਹੈ। ਉਂਝ ਅੱਜ ਦੇ ਤੇਜ਼-ਤਰਾਰ ਜ਼ਮਾਨੇ ਵਿਚ ਸੁਰਾਂ ਤੇ ਰੰਗਾਂ ਦੇ ਮੇਲ ਨਾਲ ਵੀ ਕਈ ਗੁੱਝੀਆਂ ਸੁਰੰਗਾਂ ਦੇ ਮੂੰਹ ਖੋਲ੍ਹੇ ਜਾ ਸਕਦੇ ਹਨ। ਕੁੱਝ ਇਸ ਤਰ੍ਹਾਂ ਦੀ ਰੀਝ ਹੀ ਇਸ ਸੁਰੰਗਸਾਜ਼ ਦੀ ਵੀ ਹੈ। ਦੇਖੀਏ ਇਹ ‘ਸੁਰੰਗ’ ਕਿੱਥੇ ਜਾ ਨਿਕਲਦੀ ਹੈ! ਅਸੀਂ ਚਾਹੁੰਦੇ ਹਾਂ ਸੁਰਾਂ ਵਾਲੇ ਤੇ ਰੰਗਾਂ ਵਾਲੇ ਦੋਵੇਂ ਹੀ ‘ਸੁਰੰਗ’ ਨੂੰ ਆਪਣਾ ਮੰਚ ਸਮਝਣ ਤੇ ਇਸ ਨੂੰ ਆਪਣੀ ਆਵਾਜ਼ ਉਠਾਉਣ ਲਈ ਵਰਤਣ। ਅਸੀਂ ਆਵਾਜ਼ ਮਾਰ ਦਿੱਤੀ ਹੈ, ਹੁੰਗਾਰਾ ਤੁਸੀਂ ਭਰਨਾ ਹੈ ‘ਸੁਰਾਂ’ ਵਾਲਿਓ, ‘ਰੰਗਾਂ’ ਵਾਲਿਓ।
-ਸੁਰੰਗਸਾਜ਼
No comments:
Post a Comment