ਇਸ ਬੀਬੀ ਨੂੰ ਪਛਾਨਣਾ ਤਾਂ ਤੁਹਾਡੇ ਲਈ ਕੋਈ ਔਖਾ ਨਹੀਂ ਕਿਉਂ ਕਿ ਇਹ ਤਾਂ ਆਪਣੇ ਪੰਜਾਬ ਦੀ ਹੈ। ਇਹ ਗੱਲ ਹੁਣ ਬਹੁਤੇ ਸਸਪੈਂਸ ਵਾਲੀ ਨਹੀਂ ਰਹੀ ਕਿ ਇਹ ਕਿਸੇ ਜ਼ਮਾਨੇ ਦੀ ਫ਼ਿਲਮ ਅਦਾਕਾਰਾ ਮੋਨਿਕਾ ਬੇਦੀ ਹੈ। ਇਸ ਦੇ ਦੁੱਖਦਾਈ ਅਤੀਤ ਦੀ ਵੀ ਕੋਈ ਗੱਲ ਨਾ ਹੀ ਕਰੀਏ ਤਾਂ ਠੀਕ ਰਹੇਗਾ ਕਿਉਂ ਕਿ ਇਹ ਇਸ ਵੇਲ਼ੇ ਆਪਣੇ ਅਤੀਤ ਤੋਂ ਖਹਿੜਾ ਛੁਡਾਉਣ ਲਈ ਪੂਰੀ ਸ਼ਿੱਦਤ ਨਾਲ ਹੀਲੇ ਕਰ ਰਹੀ ਹੈ। ਇਸ ਵਲੋਂ ਕੀਤੇ ਜਾ ਰਹੇ ਹੀਲਿਆਂ ਵਿਚੋਂ ਇਕ ਹੀਲਾ ਇਹ ਹੈ ਕਿ ਇਸ ਨੇ ਹਾਲ ਹੀ ਵਿਚ ਇਕ ਧਾਰਮਕ ਸੰਗੀਤਕ ਐਲਬਮ ‘ਏਕ ਓਂਕਾਰ’ ਤਿਆਰ ਕੀਤੀ ਹੈ। ਇਹ ਐਲਬਮ ‘ਯੂਨੀਵਰਸਲ ਮਿਊਜ਼ਿਕ’ ਨੇ ਰਿਲੀਜ਼ ਕੀਤੀ ਹੈ। ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਮੋਨਿਕਾ ਨੇ ਇਸ ਐਲਬਮ ਲਈ ਗਾਇਆ ਹੈ। ਇਹ ਐਲਬਮ ਰਿਲੀਜ਼ ਹੋਣ ਮੌਕੇ ਉਸ ਨੇ ਚੰਡੀਗੜ੍ਹ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਐਲਬਮ ਲਈ ਗਾਉਣ ਦਾ ਮੌਕਾ ਉਸ ਨੂੰ ਪ੍ਰਮਾਤਮਾ ਨੇ ਆਪ ਸੱਦ ਕੇ ਦਿੱਤਾ ਹੈ। ਉਸ ਨੇ ਕਿਹਾ, “ਜਦੋਂ ਇਸ ਕੰਪਨੀ ਨੇ ਮੈਨੂੰ ਇਸ ਐਲਬਮ ਲਈ ਗਾਉਣ ਲਈ ਕਿਹਾ ਤਾਂ ਮੈਨੂੰ ਲੱਗਿਆ ਕਿ ਮੇਰੇ ਨਾਲ ਮਖ਼ੌਲ਼ ਕੀਤਾ ਜਾ ਰਿਹਾ ਹੈ ਜਦੋਂ ਕਿ ਹਕੀਕਤ ਇਹ ਸੀ ਕਿ ਮੈਨੂੰ ਇਹ ਪੇਸ਼ਕਸ਼ ਬਹੁਤ ਸੰਜੀਦਗੀ ਨਾਲ ਕੀਤੀ ਗਈ ਤੇ ਮੇਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਬਣ ਗਈ। ਮੈਂ ਗਾਉਣ ਸਮੇਂ ਇਸ ਗੱਲ ਦਾ ਬਹੁਤ ਜ਼ਿਆਦਾ ਖ਼ਿਆਲ ਰੱਖਿਆ ਕਿ ਮੇਰਾ ਉਚਾਰਣ ਪੂਰੀ ਤਰ੍ਹਾਂ ਸਹੀ ਰਹੇ। ਪ੍ਰਮਾਤਮਾ ਨੇ ਮੇਰੇ ਉੱਪਰ ਬਹੁਤ ਬਖ਼ਸ਼ਿਸ਼ ਕੀਤੀ ਕਿ ਮੈਂ ਗਾ ਗਈ ਜਦੋਂ ਕਿ ਮੈਨੂੰ ਗਾਇਨ ਕਲਾ ਦਾ ‘ਗੱਗਾ’ ਵੀ ਨਹੀਂ ਆਉਂਦਾ।” ਇਹ ਗੱਲ ਵੀ ਆਪਣੇ ਪਾਠਕਾਂ ਨੂੰ ਦੱਸ ਦੇਣੀ ਬਣਦੀ ਹੈ ਕਿ ਇਸ ਐਲਬਮ ਵਿਚ ਜਪੁਜੀ ਸਾਹਿਬ ਦਾ ‘ਮੂਲ ਮੰਤਰ’ ਹੈ ਤੇ ‘ਪੰਜ ਪੌੜੀਆਂ’ ਵੀ ਹਨ।
ਮੋਨਿਕਾ ਬੇਦੀ ਦੇ ਇਸ ਯਤਨ ਬਾਰੇ ਤੁਸੀਂ ਕੁੱਝ ਕਹਿਣਾ ਚਾਹੁੰਦੇ ਹੋ? ਕਹੋ ਨਾ ! ਇਸ ਬਾਰੇ ਆਪਣੇ ਵਿਚਾਰ kalmistan@yahoo.co.in 'ਤੇ ਮੇਲ ਕਰੋ, ਅਸੀਂ ਤੁਹਾਡੇ ਵਿਚਾਰ ਇਨ੍ਹਾਂ ਪੰਨਿਆਂ 'ਤੇ ਨਸ਼ਰ ਕਰਾਂਗੇ।
-ਸੁਰੰਗਸਾਜ਼
No comments:
Post a Comment