ਕਾਮਰੇਡੀ ਨੇ ਹੀ ਪੁੱਟਤੀ 'ਮਿੱਟੀ'

ਪਤਾ ਨਹੀਂ ਕਿਉਂ ਇਹ ਫ਼ਿਲਮ ਦੇਖ ਕੇ ਮੈਨੂੰ ਆਪਣੇ ਪਿੰਡ ਦਾ ਉਹ ਬੁੜਾ ਬੜਾ ਹੀ ਚੇਤੇ ਆਇਆ, ਜੋ ਆਪਣੀ ਚੜ੍ਹਦੀ ਵਰੇਸੇ ਕਾਮਰੇਡਾਂ ਦੀ ਸੇਵਾ ਕਰਦਾ ਰਿਹਾ ਸੀ, ਪਰ ਜਦੋਂ ਉਹ ਨੂੰ ਇਹ ਸਮਝ ਆ ਗਈ ਕਿ ਰੋਟੀ ਤਾਂ ਕੰਮ ਕਰ ਕੇ ਹੀ ਮਿਲਣੀ ਹੈ ਤੇ ਇਹ ਕਾਮਰੇਡ ਲੋਕਾਂ ਕੋਲੋਂ ਰੋਟੀਆਂ ਖਾ ਤਾਂ ਸਕਦੇ ਹਨ, ਕਿਸੇ ਦੀ ਵੱਡੀ ਹੋਈ ਉਂਗਲੀ 'ਤੇ ਮੂਤ ਤਕ ਨਹੀਂ ਕਰ ਸਕਦੇ, ਉਸ ਨੇ ਆਪਣੇ ਜੁਆਨ ਪੁੱਤ ਨੂੰ ਸਵੇਰੇ-ਸ਼ਾਮ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ, "ਪੁੱਤ, ਇਨ੍ਹਾਂ ਕਾਮਰੇਡਾਂ ਮਗਰ ਫਿਰਨ ਨਾਲੋਂ ਤਾਂ ਸਾਧ ਹੋ ਜਾਣਾ ਕਈ ਗੁਣਾ ਚੰਗੈ, ਤਿਕਾਲਾਂ ਨੂੰ ਝੋਲੀ ਵਿਚ ਟੱਬਰ ਨੂੰ ਰਜੌਣ ਜੋਗਾ ਆਟਾ ਤਾਂ ਹੋਇਆ ਕਰੂ।"
ਕਿੱਥੇ ਕੋਈ ਪੰਜਾਬੀ ਫ਼ਿਲਮ ਦਾ ਦੇਖਣਾ ਤੇ ਕਿੱਥੇ ਕਿਸੇ ਸਾਬਕਾ ਕਾਮਰੇਡ ਵਲੋਂ ਆਪਣੇ ਪੁੱਤਰ ਨੂੰ 'ਕੰਮਰੇੜ੍ਹ' ਕਾਮਰੇਡਾਂ ਦੇ ਪਲੇਚੇ 'ਚ ਆਉਣ ਤੋਂ ਵਰਜਣਾ।ਅਖੇ ਕਿੱਥੇ ਹਲ ਦਾ ਓਕੜੂ ਹੋਣਾ,ਕਿੱਥੇ ਬੁੜੀ ਦਾ ਮਰਨਾ।ਇੱਥੇ ਇਹ ਗੱਲ ਏਦਾਂ ਗੁਆਈ ਜਾਣ ਵਾਲੀ ਨਹੀਂ ਹੈ ਕਿਉਂ ਕਿ ਫ਼ਿਲਮ 'ਮਿੱਟੀ' ਦੇ ਨਿਰਦੇਸ਼ਕ ਜਤਿੰਦਰ ਮੌਹਰ ਨੂੰ ਪਹਿਲੀ ਵਾਰ ਨਿਰਦੇਸ਼ਕ ਬਣ ਕੇ ਇਹ ਯਾਦ ਰੱਖਣਾ ਚਾਹੀਦਾ ਸੀ ਕਿ ਭਾਵੇਂ ਸੋਵੀਅਤ ਸੰਘ ਢਹਿ-ਢੇਰੀ ਹੋਣ ਮਗਰੋਂ ਵੀ ਕਾਮਰੇਡੀ ਦੇ ਖੰਡਰ ਪੂਰੀ ਤਰ੍ਹਾਂ ਬੇਆਬਾਦ ਨਹੀਂ ਹੋਏ, ਪਰ ਜੇ ਉਸ ਨੇ ਆਪਣੀ ਪਹਿਲੀ ਫ਼ਿਲਮ ਹੀ ਉਨ੍ਹਾਂ ਕਾਮਰੇਡਾਂ ਦੇ ਮਗਰ ਲਾ ਦਿੱਤੀ, ਜੋ ਅੱਜ ਤਕ ਆਪਣਾ ਤੋਰੀ-ਫੁਲਕਾ ਤੇ ਦਾਰੂ-ਸਿੱਕਾ ਚਲਾਉਣ ਤੋਂ ਬਗ਼ੈਰ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕੇ ਤਾਂ ਅੱਗੋਂ ਉਸ ਨੂੰ ਫ਼ਿਲਮਸਾਜ਼ੀ ਦੀ ਥਾਂ ਕੋਈ ਹੋਰ ਕੰਮ ਕਰਨਾ ਵੀ ਪੈ ਸਕਦਾ ਹੈ।
ਚਾਰ ਵੈਲੀ ਮੁੰਡੇ ਪੁੱਠੇ ਕੰਮ ਕਰਦੇ-ਕਰਦੇ ਇਲਾਕੇ ਦੇ ਐੱਮ. ਐੱਲ. ਏ. ਦੀ ਨਜ਼ਰ ਚੜ੍ਹ ਜਾਂਦੇ ਹਨ। ਫਿਰ ਉਹ ਕਈ ਸਾਲ ਉਸ ਦੇ ਹੱਥਠੋਕੇ ਬਣੇ ਰਹਿਣ ਮਗਰੋਂ ਉਨ੍ਹਾਂ ਵਿਚੋਂ ਇਕ ਜਣੇ ਦੇ ਭਰਾ, ਜੋ ਇਕ ਕਿਸਾਨ ਨੇਤਾ ਵੀ ਹੁੰਦਾ ਹੈ, ਦੇ ਮਾਰੇ ਜਾਣ 'ਤੇ ਉਸ ਦਾ ਬਦਲਾ ਲੈਣ ਦੇ ਰਾਹ ਪੈ ਜਾਂਦੇ ਹਨ।
ਉਸ ਕਿਸਾਨ ਨੇਤਾ ਦੇ ਮਾਰੇ ਜਾਣ 'ਤੇ ਉਸ ਦੇ ਸਾਥੀ ਕਿਸਾਨ ਹਥਿਆਰ ਚਲਾ ਕੇ ਵੀ ਤੇ ਹਥਿਆਰ ਝੁਕਾ ਵੀ ਆਪਣੇ ਨੇਤਾ ਨੂੰ ਸ਼ਰਧਾਂਜਲੀ ਤਾਂ ਦਿੰਦੇ ਹਨ, ਉਨ੍ਹਾਂ ਦੇ ਸਾਥੀ ਦੇ ਕਤਲ ਦਾ ਬਦਲਾ ਲੈਣ ਲਈ ਹਥਿਆਰ ਚੁੱਕਣ ਵਾਲੇ ਇਨ੍ਹਾਂ ਮੁੰਡਿਆਂ ਨੂੰ ਉਹ ਹਥਿਆਰ ਚੁੱਕਣ ਤੋਂ ਵਰਜਦੇ ਹਨ। ਉਸ ਵੇਲੇ ਉਹ ਕਿਸਾਨ ਨੇਤਾ ਕਦੇ ਸੱਜੀ ਕਾਮਰੇਡੀ ਦੇ ਹਮਾਇਤੀ ਲੱਗਦੇ ਹਨ। ਇਸ ਸੀਨ ਤੋਂ ਥੋੜ੍ਹੇ ਹੀ ਚਰ ਮਗਰੋਂ ਉਹੀ ਕਿਸਾਨ ਨੇਤਾ ਤੇ ੳੇੁਸ ਦੇ ਸਾਥੀ, ਜ਼ਮੀਨ ਦੇ ਕਬਜ਼ੇ ਵਾਲੇ ਸੀਨ ਵਿਚ ਅਚਾਨਕ ਹੀ ਬੰਦੂਕਾਂ ਚੁੱਕ ਕੇ ਚਲਾਉਣ ਲੱਗ ਪੈਂਦੇ ਹਨ। ਇਸ ਤਰ੍ਹਾਂ ਇਹ ਫ਼ਿਲਮ, ਜਿਸ ਦਾ ਨਾਂ ਮਿੱਟੀ ਹੈ, ਪੰਜਾਬੀ ਸਿਨੇਮਾ ਦੇ ਮੱਥੇ ਦਾ ਤਿਲਕ ਬਣਨ ਦੀ ਥਾਂ ਕਾਮਰੇਡੀ ਪ੍ਰਚਾਰ ਲਈ ਇਕ ਡਰਾਮਾ ਜਿਹਾ ਹੀ ਬਣ ਕੇ ਰਹਿ ਗਈ।                                        -ਦੀਦਾਵਰ
                                                                                                                                                 

No comments:

Post a Comment