ਭੇਂਟ ਵਾਰਤਾ - ਵਰਤਮਾਨ ਬੋਲਦਾ ਰਹਿੰਦਾ ਹੈ

- ਬੀਰਬਲ


***********************************************

ਡਿੱਗੀ ਹੋਈ ਚੀਜ਼

ਬਚਪਨ ਵਿਚ ਜਦੋਂ ਕਿਸੇ ਦੀ ਡਿੱਗੀ ਜਾਂ ਗੁਆਚੀ ਹੋਈ ਚੀਜ਼ ਕਿਸੇ ਹੋਰ ਨੂੰ ਲੱਭ ਜਾਂਦੀ ਸੀ ਤਾਂ ਉਹ ਬਹੁਤ ਹੀ ਮੜਕ ਨਾਲ ਇਹ ਹੋਕਾ ਜਿਹਾ ਦਿੰਦਾ ਹੁੰਦਾ ਸੀ, “ਇਕ ਮੁੰਡੇ (ਜਾਂ ਕੁੜੀ) ਦੀ ਚੀਜ਼ ਗੁਆਚੀ, ਅੱਜ ਲੈ ਲਓ, ਭਲਕੇ ਲੈ ਲਓ, ਪਰਸੋਂ ਨੂੰ ਖੂਹ ਦੇ ਥੱਲੇ।” ਸਾਨੂੰ ਆਪਣੇ ਸੱਜਣ ਸ਼ਮਸ਼ੇਰ ਸਿੰਘ ਸੰਧੂ ਵਲੋਂ ਅਕਤੂਬਰ, 1974 ਵਿਚ ਛਪਾਏ ਹੋਏ, ‘ਸੰਕਲਪ’ ਰਸਾਲੇ ਦੀ ਇਕ ਕਾਪੀ, ਜੋ ਅਸੀਂ ਕਿਤੇ ਬਹੁਤ ਹੀ ਸੰਭਾਲ ਕੇ ਰੱਖ ਬੈਠੇ ਸਾਂ, ਲੱਭ ਪਈ ਹੈ। ਉਸ ਵਿਚ, ਹਸਪਤਾਲ ਵਿਚ ਬਿਮਾਰ ਪਏ ਸ਼ਾਇਰ ਸ਼ਿਵ ਕੁਮਾਰ ਨਾਲ ‘ਬੀਰਬਲ’ ਵਲੋਂ ਕੀਤਾ ਹੋਇਆ ਇਕ ਇੰਟਰਵਿਊ ਛਪਿਆ ਹੋਇਆ ਹੈ ਤੇ ਉਸ ਦਾ ਸਿਰਲੇਖ ਹੈ ਵਰਤਮਾਨ ਬੋਲਦਾ ਹੈ, ਜਿਸ ਵਿਚ ਅਸੀਂ ਮਾੜੀ ਜਿਹੀ ਤਬਦੀਲੀ ਕਰ ਦਿੱਤੀ ਹੈ। ‘ਸਿਰਲੇਖ’ ਵਿਚ ਇਹ ਤਬਦੀਲੀ ਜ਼ਰੂਰੀ ਲੱਗਦੀ ਸੀ, ‘ਸਰੀਰਲੇਖ’ ਵਿਚ ਅਸੀਂ ਕੋਈ ਗ਼ਲਤੀ ਵੀ ਠੀਕ ਕਰਨ ਦੀ ਜੁਰਅੱਤ ਨਹੀਂ ਕੀਤੀ। ਇਹ ਇੰਟਰਵਿਊ ਪੜ੍ਹੋ ਤੇ ਜਨਮ ਸਮੇਤ ਹੋਰ ਜੋ ਵੀ ਸਫ਼ਲ ਹੁੰਦਾ ਹੈ ਕਰੋ। -ਸੁਰੰਗਸਾਜ਼

***********************************************

ਸ਼ਿਵ ਕੁਮਾਰ ਜਨਰਲ ਹਸਪਤਾਲ ਵਿਚ ਐਡਮਿਟ ਸੀ। ਕੁੱਝ ਇੱਕ ਦਿਨ ਪਹਿਲਾਂ ਹੀ ਉਹ ਜਦੋਂ ਇੰਗਲੈਂਡ ਤੋਂ ਪਰਤਿਆ ਸੀ, ਭਰਿਆ-ਭਰਿਆ ਲੱਗਦਾ ਸੀ। ਚਰਚਾ ਆਮ ਸੀ ਕਿ ਖ਼ੂਬ ਮਾਇਆ ਦੇ ਗੱਫੇ ਲੈ ਕੇ ਆਇਆ ਹੈ ਤੇ ਇਕ-ਦੋ ਵਾਰ ਉਹ ਦੇ ਮੂੰਹੋਂ ਸੁਣਿਆ ਗਿਆ ਸੀ ਕਿ ਫਲਾਣੇ ਸਰਕਾਰੀ ਲੇਖਕ ਨੇ ਮੇਰੇ ਕੋਲ ਬਲੈਕ ਮਨੀ ਦੀ ਦੱਸ ਪਾ ਕੇ ਸਰਕਾਰੀ ਜਾਸੂਸ ਮੇਰੇ ਪਿੱਛੇ ਪੁਆ ਦਿੱਤੇ ਹਨ। ਇੱਕ ਦੂਜੀ ਢਾਣੀ ਜੋ ਇਹ ਪ੍ਰਚਾਰ ਕਰ ਰਹੀ ਸੀ ਕਿ ਸ਼ਿਵ ਮਾਨਸਿਕ ਸੰਤੁਲਨ ਗੁਆ ਬੈਠਾ ਹੈ ਤੇ ਸਭ ਨੂੰ ਗਾਲ਼ਾਂ ਕੱਢਦਾ ਫਿਰਦਾ ਹੈ, ਆਪਣੀ ਸੂਝ-ਬੂਝ ਦਾ ਸਬੂਤ ਇਹ ਕਹਿ ਕੇ ਦਿੰਦੀ ਸੀ, “ਮਾਇਆ ਤਾਂ ਪੱਗ ਨੂੰ ਲੱਗੀ ਮਾਣ ਨਹੀਂ, ਸ਼ਿਵ ਕੁਮਾਰ ਤਾ ਫਿਰ ਨੈਸ਼ਨਲ ਪੋਇਟ ਹੈ।” ੳਤੇ ਫਿਰ ਗੁਰ ਵਾਕ ਦਾ ਸਹਾਰਾ ਲੈ ਕੇ ਲੱਛੇਦਾਰ ਧੂੰਆਂ ਕੱਢਦੇ ਸਨ-ਮਾਇਆਧਾਰੀ ਅੰਨ੍ਹਾਂ ਬੋਲ਼ਾ। ਇਹੋ ਜਿਹੇ ਭਾਂਤ-ਸੁਭਾਂਤੀ ਫਿਕਰਿਆਂ ਨਾਲ ਚੰਡੀਗੜ੍ਹ ਦੀ ਹਵਾ ਖ਼ਾਸ ਕਰ ਕੇ ਬੋਝਲ ਹੋਈ ਪੋਈ ਸੀ ਤੇ ਜਦੋਂ ਮੈਂ ਹਸਪਤਾਲ ਦੇ ਪ੍ਰਾਈਵੇਟ ਵਾਰਡ ਵਿਚ ਪੈਰ ਧਰਿਆ, ਮੈਨੂੰ ਸ਼ਿਵ ਕੁਮਾਰੀਅਨ ਸਟਾਈਲ ਦੀ ਖਾਂਸੀ ਸੁਣਾਈ ਦਿੱਤੀ ਅਤੇ ਬਿਨਾਂ ਪੁੱਛ-ਗਿੱਛ ਦੀ ਸੇਵਾ ਦਾ ਲਾਭ ਉਠਾਇਆਂ ਮੈਂ ਸਹੀ ਕਮਰੇ ਵਿਚ ਦਾਖਲ ਹੋ ਗਿਆ। ਉਹ ਦੇ ਚਿਹਰੇ ਉੱਤੇ ਕੋਈ ਪ੍ਰਤੀਕਰਮ ਨਹੀਂ ਸੀ। ਰੇਤੀਲਾ ਚਿਹਰਾ, ਪਥਰੀਲੇ ਬੁੱਲ੍ਹ, ਅੱਖੀਆਂ ਸਨਜਿਵੇਂ ਦੋ ਪਾਲਤੂ ਮਾਰੂਥਲ। ਉਹ ਬੁਝੀ ਹੋਈ ਸਿਗਰਟ ਚੁੰਘ ਰਿਹਾ ਸੀ ਤੇ ਨਾ ਸਮਝ ਆਉਣ ਵਾਲ਼ੇ ਉਚਾਰਣ ਵਿਚ ਆਪਣਾ ਇਹ ਸੇਅਰ ਇਉਂ ਬੋਲ ਰਿਹਾ ਸੀ, ਜਿਵੇਂ ਟੁੱਟੇ ਹੋਏ ਰਿਕਾਰਡ ਦੀ ਦਰਾਰ ਵਿਚ ਸੂਈ ਅਟਕ ਗਈ ਹੋਵੇ:-

ਕੱਲ੍ਹ ਕਿਸੇ ਸ਼ਿਵ ਨੂੰ ਹੈ ਸੁਣਿਆ ਕਹਿੰਦਿਆਂ,

ਜ਼ਿੰਦਗੀ ਦੀ ਦੌੜ ਵਿਚ ਮੈਂ ਸਿਫ਼ਰ ਹਾਂ।

ਮੈਂ ਉਹ ਦੀ ਸਿਗਰਟ ਸੁਲਗਾਉਂਦਿਆਂ ਕਿਹਾ ਕਿ ਸ਼ਿਵ ਤੂੰ ਹੈਂ ਤਾਂ ਸਿਫ਼ਰ ਪਰ ਅਜਿਹੀ ਸਿਫ਼ਰ ਜਿਸ ਵਿਚ ਪੂਰਾ ਬ੍ਰਹਿਮੰਡ ਸਮਾ ਸਕਦਾ ਹੋਵੇ। ਉਸ ਦੇ ਰੇਤੀਲੇ ਚਿਹਰੇ ’ਤੇ ਪਥਰੀਲੀ ਹਾਸੀ ਉੱਡੀ ਤੇ ਮੈਨੂੰ ਦੋ ਪਾਲਤੂ ਮਾਰੂਥਲ ਇਕ ਸੁਰ ਵਿਚ ਗਾਉਂਦੇ ਜਾਪੇ:-

ਮੇਰੇ ਅੱਜ ਜ਼ਿਹਨ ਦੇ ਮੋੜਾਂ ’ਤੇ ਦਿਨ ਭਰ ਖ਼ਾਕ ਉੱਡੀ ਹੈ,

ਮੈਂ ਸੁਣਿਆ ਹੈ ਕਿਸੇ ਜੰਗਲ ’ਚ ਮੇਰੀ ਉਮਰ ਉੱਗੀ ਹੈ।

ਮੈਂ ਸਮਝ ਰਿਹਾ ਸਾਂ ਕਿ ਮਾਹੌਲ ਲੋੜੋਂ ਵੱਧ ਸੀਰੀਅਸ ਹੁੰਦਾ ਜਾ ਰਿਹਾ ਹੈ। ਮਨੋਵਿਗਿਆਨਕ ਤੌਰ ’ਤੇ ਵੀ ਇਹ ਉਚਿਤ ਨਹੀਂ ਸੀ ਕਿ ਇਕ ਸੀਰੀਅਸ ਸ਼ਾਇਰ, ਜੋ ਸੀਰੀਅਸ ਬੀਮਾਰ ਹੋਵੇ, ਉਸ ਨਾਲ ਏਸ ਕਿਸਮ ਦਾ ਇੰਟਲੈਕਚੂਅਲ ਇੰਟਰਕੋਰਸ ਕੀਤਾ ਜਾਵੇ। ਮੈਂ ਮਾਹੌਲ ਨੂੰ ਸੁਖਾਵਾਂ ਬਣਾ ਕੇ ਉਸ ਦਾ ਮਨੋਰੰਜਨ ਕਰਨਾ ਚਾਹੁੰਦਾ ਸਾਂ। ਇਕ ਦਮ ਪੈਂਤੜਾ ਬਦਲ ਕੇ ਮੈਂ ਪੂਰੀ ਸੰਜੀਦਗੀ ਨਾਲ ਗ਼ੈਰਸੰਜੀਦਾ ਫਿਕਰਾ ਬੋਲਿਆ, “ਸ਼ਿਵ ਭਾ ਜੀ, ਰਾਤੀਂ ਸੁਪਨੇ ਵਿਚ ਮੈਂ ਤੁਹਾਡੀ ਲੂਣਾ ਅੰਗਰੇਜ਼ੀ ਵਿਚ ਛਪੀ ਦੇਖੀ ਹੈ।” ਉਹ ਖੰਘ ਮਿਲੀ ਹਾਸੀ ਹੱਸਿਆ, “ਬਾਜ਼ ਆ ਜਾ ਬਾਮ੍ਹਣਾ, ਤੂੰ ਅਜੇ ਵੀ ਮਖ਼ੌਲ ਨਹੀਂ ਛੱਡਦਾ।”“ਨਹੀਂ ਭਾ ਜੀ, ਇਹ ਬਿਲਕੁਲ ਸੱਚੀ ਗੱਲ ਹੈ। ਮੈਂ ਸੱਚੀਂਮੁੱਚੀਂ ਅੰਗਰੇਜ਼ੀ ਵਿਚ ਛਪੀ ਹੋਈ ਲੂਣਾ ਵੇਖੀ ਹੈ ਤੇ ਉਸ ਦੀ ਵਿਸ਼ੇਸ਼ਤਾ ਇਹ ਸੀ ਕਿ ਅਠਤਾਲੀ ਪੁਅਇੰਟ ਵਿਚ ਛਪੇ ‘ਅਨੁਵਾਦਕ ਸੰਤ ਸਿੰਘ ਸੇਖੋਂ’ ਤੋਂ ਇਲਾਵਾ ਕੋਈ ਵੀ ਸ਼ਬਦ ਠੀਕ ਤਰ੍ਹਾਂ ਪੜ੍ਹਿਆ ਨਹੀਂ ਜਾਂਦਾ ਸੀ। ਤੁਹਾਡਾ ਨਾਂ ਪੜ੍ਹਿਆ ਜਾਂਦਾ ਸੀ, ਪਰ ਸ਼ਬਦ-ਜੋੜ ਠੀਕ ਨਹੀਂ ਸਨ।” ਮੈਂ ਮਹਿਸੂਸ ਕੀਤਾ ਉਹ ਦੇ ਚਿਹਰੇ ਦੀ ਰੰਗਤ ਬਦਲ ਰਹੀ ਹੈ ਤੇ ਨਸਾਂ ਦਾ ਖਿਚਾਅ ਢਿੱਲਾ ਪੈ ਗਿਆ ਹੈ। ਹੁਣ ਤਕ ਉਹ ਉੱਠ ਕੇ ਬਹਿ ਗਿਆ ਸੀ, “ਟਾਇਮ ਤਾ ਹੋ ਗਿਆ, ਅਜੇ ਬ੍ਰਹੱਮ ਕੁਮਾਰੀ ਜੀ ਆਏ ਨਹੀਂ (ਚਿੱਟੇ ਕੱਪੜਿਆਂ ਵਾਲੀ ਨਰਸ ਨੂੰ ਉਹ ਬ੍ਰਹੱਮ ਕੁਮਾਰੀ ਹੀ ਕਹਿੰਦਾ ਸੀ)। ਆਪਣਾ ਜਾਦੂ ਚੱਲਿਆ ਵੇਖ ਮੈਂ ਹੋਰ ਹੁਸ਼ਿਆਰ ਹੋ ਗਿਆ, “ਸ਼ਿਵ ਕੁਮਾਰ, ਮੈਂ ਇਕ ਇੰਟਰਵਿਊ ਲਿਖੀ ਹੈ, ਜਿਸ ਵਿਚ ਸੁਆਲ ਮੇਰੇ ਹਨ, ਜੁਆਬ ਤੇਰੀ ਸ਼ਾਇਰੀ ਦੇ। ਪਹਿਲਾ ਸੁਆਲ ਹੈ-ਕੀ ਹਾਲ ਹੈ ਸ਼ਿਵ ਕੁਮਾਰ?

ਜੁਆਬ ਹੈ-

ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ,

ਸਾਡਾ ਨਦੀਓਂ ਵਿਛੜੇ ਨੀਰਾਂ ਦਾ।

ਸ਼ਿਵ ਬੱਚਿਆ ਵਾਂਗ ਤਾੜੀ ਮਾਰ ਕੇ ਹੱਸਿਆ। ਉਹ ਚਹਿ-ਚਹਾ ਰਿਹਾ ਸੀ। ਹੇਠੋਂ ਕੰਟੀਨ ’ਚੋਂ ਦੋ ਕੱਪ ਚਾਹ ਮਮਗਵਾ ਕੇ ਅਸੀਂ ਏਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਨੋਕਾਂ-ਝੋਕਾਂ ਦਾ ਆਨੰਦ ਮਾਣਦੇ ਰਹੇ। ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ ਇਸ ਗੱਲਬਾਤ ਨੂੰ ਨਾਟਕੀ ਮੋੜ ਦਿੱਤਾ।“ਸ਼ਿਵ, ਤੂੰ ਹੁਣ ਸਥਾਪਿਤ ਢਾਣੀ ਵਿਚ ਰਲ ਚੁਕਿਐਂ, ਤੁੰ ਸਾਡਾ ਪੰਜ-ਹਜ਼ਾਰੀ ਨੈਸ਼ਨਲ ਪੋਇਟ ਹੈਂ। ਜਸਵੰਤ ਰਾਏ ‘ਰਾਏ’ ਤੋਂ ਲੈ ਕੇ ਜ਼ਾਕਿਰ ਹੁਸੈਨ ਤੀਕ ਤੇਰੀ ਪਹੁੰਚ ਹੈ ਰਾਮ ਲੀਲ੍ਹਾ ਦੀ ਸਟੇਜ ਤੋਂ ਸ਼ੁਰੂ ਹੋ ਕੇ ਲਾਲ ਕਿਲੇ ਦੀ ਮੰਚ ਤੀਕ ਹੋ ਆਇਆ ਏਂ ਆਪਣੇ ਸਮਕਾਲ ਵਿਚ ਤੂੰ ਭਰਪੂਰ ਵਿਚਰਿਆ ਹੈਂ। ਤੂੰ ਹਮੇਸ਼ਾ ਹੀ ਚੰਗਾ ਖਾਧਾ ਹੈ, ਮੰਦਾ ਬੋਲਿਆ ਹੈ, ਪਰ ਸਿਹਤ ਤੇਰੀ ਫਿਰ ਵੀ ਨਹੀਂ ਬਣੀ। ਪੁਰਾਣੀ, ਗੱਭਲੀ ਅਤੇ ਅਜੋਕੀ ਤਿੰਨਾਂ ਪੀੜ੍ਹੀਆਂ ਤੋਂ ਤੂੰ ਵਾਕਿਫ਼ ਹੈਂ। ਤੈਨੂੰ ਆਪਣੇ ਅਨੁਭਵ ਲਿਖਣੇ ਚਾਹੀਦੇ ਹਨ।”ਇਕ ਲੰਮਾ ਸਾਹ ਅੰਦਰ ਨੂੰ ਖਿੱਚ ਕੇ ਫਿਰ ਹੌਲੀ-ਹੌਲੀ ਬਾਹਰ ਨੂੰ ਕੱਢਦਾ ਹੋਇਆ ਸ਼ਿਵ ਕੁਮਾਰ ਬੋਲਿਆ, “ਇੰਨੀ ਨਿੱਕੀ ਜੰਘੀਐ ਥਲ ਡੂੰਘਰ ਭਵਿਓਮ... ... ...।” ਮੈਂ ਸਹਿਮ ਗਿਆ, ਮਾਹੌਲ ਫਿਰ ਸੀਰੀਅਸ ਹੋ ਰਿਹਾ ਸੀ। ਮੌਕਾ ਸੰਭਾਲਦਿਆਂ ਕਾਹਲ਼ੀ-ਕਾਹਲ਼ੀ ਮੈਂ ਪੁੱਛਿਆ, “ਤੂੰ ਆਪਣੇ-ਆਪ ਨੂੰ ਫ਼ਰੀਦ ਨਾਲ ਇੰਨਾ ਘੁੱਟ ਕੇ ਕਿਉਂ ਬੰਨ੍ਹ ਲਿਆ ਹੈ? ਬਾਰ੍ਹਵੀਂ ਸਦੀ ਨੂੰ ਵੀਹਵੀਂ ਸਦੀ ਵਿਚ ਕਿਉਂ ਘਸੀਟੀ ਫਿਰਦਾ ਹੈਂ? ਏਸ ਤਰ੍ਹਾਂ ਤਾਂ ਤੂੰ ਭੂਤ-ਕਾਲ ਬਣ ਕੇ ਰਹਿ ਜਾਏਂਗਾ।” ਉਸ ਵਿਚ ਜਿਵੇਂ ਬਿਜਲੀ ਦਾ ਕਰੰਟ ਆ ਗਿਆ ਹੋਵੇ, “ਫ਼ਰੀਦ ਵਰਤਮਾਨ ਹੈ, ਮਛੰਦਰ ਵਰਤਮਾਨ ਹੈ, ਕਾਲੀਦਾਸ, ਸੂਰਦਾਸ, ਤੁਲਸੀਦਾਸ, ਕੇਸ਼ਵ, ਮੀਰ, ਗ਼ਾਲਿਬ, ਇਕਬਾਲ, ਟੈਗੋਰ, ਬਾਇਰਨ, ਕੀਟਸ ਸਭ ਵਰਤਮਾਨ ਹੈ। ਮੈਂ ਵਰਤਮਾਨ ਹਾਂ।” ਹੁਣ ਲੋਹਾ ਗਰਮ ਸੀ। ਇੰਜ ਜਾਪ ਰਿਹਾ ਸੀ ਕਿ ਜੇ ਮੈਂ ਇਕ-ਅੱਧ ਗੱਲ ਹੋਰ ਏਦਾਂ ਦੀ ਕੀਤੀ ਤਾ ਉਹ ਮੇਰੇ ਮੂੰਹ ’ਤੇ ਚਪੇੜ ਮਾਰ ਦਏਗਾ। ਮੈਂ ਉਹ ਦੀ ਗੱਲ ਨਾਲ ਸਹਿਮਤ ਹੋ ਕੇ ਆਪਣੇ ਮਕਸਦ ਵੱਲ ਵਧਿਆ, “ਸੱਚਾ ਹੁਨਰ ਸਦਾ ਵਰਤਮਾਨ ਹੈ, ਪਰ ਸੁਆਲ ਇਹ ਹੈ ਕਿ ਸਾਡੇ ਸਾਹਿੱਤ ਵਿਚ ਸੱਚਾ ਹੁਨਰ ਹੈ ਕਿੰਨਾ ਕੁ! ਤੂੰ ਇਸ ਸਾਰੇ ਚੌਗਿਰਦੇ ਨੂੰ ਜਾਣਦਾ ਹੈਂ, ਤੂੰ ਪੜ੍ਹਿਆ ਹੈ, ਸੁਣਿਆ ਹੈ, ਬਹਿਸਾ ਹੁੰਦੀਆਂ ਵੇਖੀਆਂ ਹਨ। ਬਹੁਤਿਆਂ ਨੂੰ ਤੂੰ ਜ਼ਾਤੀ ਤੌਰ ’ਤੇ ਵੀ ਜਾਣਦਾ ਹੈਂ। ਇਨ੍ਹਾਂ ਬਾਰੇ ਆਪਣਾ ਰੀਐਕਸ਼ਨ ਦੱਸ ਸਕਦਾ ਹੈਂ?”

“ਸਾਰੇ ਲੱਲੂ-ਪੰਜੂ ਨੇ, ਬੇ ਪੀਰੇ ਨੇ। ਆਪਣੇ ਹੁਨਰ ਲਈ ਵੀ ਦਿਆਨਤਦਾਰ ਨਹੀਂ। ਮੇਰੇ ਕੋਲੋਂ ਲੁਕਿਆ ਹੋਇਆ ਕੀ ਹੈ!”

ਮੈਂ :ਇਹੋ ਤਾਂ ਮੈਂ ਕਹਿ ਰਹਿਆਂ ਕਿ ਤੂੰ ਇਨ੍ਹਾਂ ਬਾਰੇ ਦੱਸ ਇਹ ਕੀ ਨੇ। ਮੈਂ ਕੱਲੇ ਕੱਲੇ ਦਾ ਨਾਂ ਲਈ ਜਾਵਾਂਗਾ, ਤੂੰ ਆਪਣੀ ਟਿੱਪਣੀ ਦੇਈ ਜਾਈਂ।

ਸ਼ਿਵ :ਇੰਨੀ ਲੰਮੀ ਚੌੜੀ ਬਕਵਾਸ ਮੇਰੇ ਕੋਲੋਂ ਨਹੀਂ ਕੀਤੀ ਜਾਣੀ। ਡਾਕਟਰ ਨੇ ਸਭ ਕੁਝ ਬੰਦ ਕੀਤਾ ਹੋਇਆ। ਦਾਰੂ ਬੰਦ, ਸਿਗਰਟ ਬੰਦ, ਬੋਲਣਾ ਬੰਦ, ਸ਼ਾਇਰੀ ਬੰਦ, ਘੁੰਮਣਾ ਬੰਦ,... ... ... ... ਹਿੰਦੁਸਤਾਨ ਮਰਦਾਬਾਦ ! ਐਹ ਦਰਵਾਜ਼ਾ ਵੀ ਬੰਦ ਕਰ ਲੈ।
ਮੈਂ :(ਦਰਵਾਜ਼ਾ ਢੋਅ ਕੇ ਫਿਰ ਬੈਠਦਾ ਹੋਇਆ)ਇਹ ਸਭ ਕੁਝ ਸਾਡੇ ਹਿੱਤ ਵਿਚ ਤਾਂ ਹੈ। ਜਾਨ ਨਾਲ ਹੀ ਜਹਾਨ ਹੁੰਦੈ। ਜੇ ਡਾਕਟਰ ਨੇ ਬਹੁਤਾ ਬੋਲਣਾ ਬੰਦ ਕੀਤਾ ਹੋਇਐ ਤਾਂ ਤੂੰ ਜੁਆਬ ਸੰਖੇਪ ਵਿਚ ਦੇਈ ਜਾਈਂ।

ਸ਼ਿਵ :ਅੱਛਾ, ਪੁੱਛ।

ਮੈਂ :ਮੈਂ ਕੋਈ ਵਿਸੇਸ਼ ਸੁਆਲ ਲੈ ਕੇ ਨਹੀਂ ਆਇਆ। ਮੈਂ ਲੇਖਕਾਂ ਦੇ ਨਾਂ ਪ੍ਰਸ਼ਨ ਚਿੰਨਾਂ ਵਾਂਗ ਬੋਲਾਂਗਾ।

ਸ਼ਿਵ :ਜਿਸ ਤਰ੍ਹਾਂ ਦਾ ਸਰੇ ਬਣੇਗਾ, ਮੈਂ ਜੁਆਬ ਦੇਈ ਜਾਵਾਂਗਾ, ਤੂੰ ਬੋਲ।

(ਜਿਸ ਤਰਤੀਬ ਵਿਚ ਮੈਂ ਨਾਂ ਬੋਲੇ ਤੇ ਉਹ ਨੇ ਆਪਣੀ ਟਿੱਪਣੀ ਦਿੱਤੀ, ਉਸੇ ਤਰਤੀਬ ਵਿਚ ਪੇਸ਼ ਕਰ ਰਿਹਾ ਹਾਂ):-

?---ਮੋਹਨ ਸਿੰਘ ਪੰਜ ਦਰਿਆ ਸਾਵਾ ਪੱਤਾ ਸੁੱਕ ਗਿਆ

?---ਅੰਮ੍ਰਤਾ ਪ੍ਰੀਤਮ ਅੱਜ ਕੱਲ ਕਿਸ ਕੰਮ

?---ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੀਰਵਾਰ ਦੀ ਝੜੀ ਨਾ ਕੋਠਾ ਨਾ ਕੜੀ

?---ਪ੍ਰੀਤਮ ਸਿੰਘ ਸਫ਼ੀਰ ਲਕੀਰ ਦਾ ਫ਼ਕੀਰ

?---ਬਾਵਾ ਬਲਵੰਤ ਬੋਦੀ ਵਾਲਾ ਸੰਤ

?---ਨਾਨਕ ਸਿੰਘ ਅਗਲੇ ਪਿੰਡ

?---ਬਲਵੰਤ ਗਾਰਗੀ ਗੰਜੀ ਆਵਾਰਗੀ

?---ਜਸਬੀਰ ਆਹਲੂਵਾਲੀਆ ਜ਼ਿਹਨੀ ਦਿਵਾਲੀਆ

?---ਸੁਖਪਾਲਵੀਰ ਸਿੰਘ ਹਸਰਤ ਅੰਦਰ ਬਾਹਰ ਨਫ਼ਰਤ

?---ਰਵਿੰਦਰ ਰਵੀ ਬੋਗਸ ਕਵੀ

?---ਅਜਾਇਬ ਕਮਲ ਅੱਗੇ ਚੱਲ
(ਸ਼ਿਵ ਦਾ ਪਾਰਾ ਚੜ੍ਹ ਗਿਆ ਸੀ)

?---ਵਿਸ਼ਵਾਨਾਥ ਤਿਵਾੜੀ ਖੇਲ ਤੇ ਖਿਲਾੜੀ

?---ਸੋਹਣ ਸਿੰਘ ਮੀਸ਼ਾ ਤਿੜਕਿਆ ਹੋਇਆ ਸ਼ੀਸ਼ਾ

?---ਦੇਵਿੰਦਰ ਸਤਿਆਰਥੀ ਬੁੱਢਾ ਮਹਾਰਥੀ

?---ਗੁਲਵੰਤ ਨਿਰਾ ਪੁਰਾ ਭਗਵੰਤ

?---ਭਗਵੰਤ ਨਿਰਾ ਪੁਰਾ ਗੁਲਵੰਤ

?---ਦਲੀਪ ਕੌਰ ਟਿਵਾਣਾ ਤੂੰ ਆਪ ਸਿਆਣਾ

?---ਨਿਰਮਲ ਅਰਪਣ ਸਮਾਚਾਰ ਦਰਪਣ

?---ਮੋਹਨਜੀਤ ਅਧੂਰਾ ਗੀਤ

?---ਰਣਧੀਰ ਸਿੰਘ ਚੰਦ ਬਕਵਾਸ ਬੰਦ

?---ਦਿਓਲ ਸੋ ਸੋ ਆਨ ਦੀ ਹੋਲ, ਅੱਗੇ ਬੋਲ

?---ਦੀਪਕ ਜੈਤੋਈ ਇਹ ਕੀ ਸਿਤਮ ਕੀਤੋ ਈ

?---ਮ੍ਰਿਤਯੂਬੋਧ ਜਾਂਗਲੀ ਬਾਲਬੋਧ

?---ਕੰਵਰ ਚੌਹਾਨ ਜ਼ਰਦੇ ਵਾਲਾ ਪਾਨ

?---ਅਮਿਤੋਜ ਹੀਰੋ ਦਾ ਨਾਇਕ ਸਿਰ ਬੋਝ

?---ਗੁਰਦੀਪ ਗਰੇਵਾਲ ਬੋਲੇ ਸੋ ਨਿਹਾਲ

?---ਅਵਤਾਰ ਸਿੰਘ ਪਾਸ਼ ਪੜ੍ਹਿਆ ਹੁੰਦਾ ਕਾਸ਼

?---ਨਵਤੇਜ ਪ੍ਰੀਤ ਲੜੀ ਦਾ ਦਹੇਜ

?---ਜਗਤਾਰ ਬੇਮੌਸਮ ਅਵਤਾਰ

?---ਗੁਰਦੇਵ ਨਿਰਧਨ ਪਾ ਗਿਆ ਪੈਨਸ਼ਨ

?---ਕੁਲਬੀਰ ਸਿੰਘ ਕਾਂਗ ਰਾਮ ਲੀਲ੍ਹਾ ਦਾ ਸਾਂਗ

?---ਈਸ਼ਰ ਸਿੰਘ ਅਟਾਰੀ (ਏਥੇ ਸ਼ਿਵ ਭਾਵਕ ਹੋ ਗਿਆ ਤੇ ਕੰਬਲ ਪਰ੍ਹੇ ਸੁੱਟ ਕੇ ਚੌਂਕੜੀ ਮਾਰ ਕੇ ਖੜਤਾਲਾਂ ਵਜਾਉਣ ਵਾਲ਼ੇ ਅੰਦਾਜ਼ ਵਿਚ ਮੁੱਠੀਆਂ ਨੂੰ ਖੋਲ੍ਹਦਾ ਅਤੇ ਬੰਦ ਕਰਦਾ ਹੋਇਆ ਉੱਚੀ-ਉੱਚੀ ਗਾਉਣ ਲੱਗ ਪਿਆ) ਧਰਤੀ ਅਰਜ਼ ਗੁਜ਼ਾਰੀ ਰਾਮਾ ਮੈਂ ਤੇ ਸੰਕਟ ਭਾਰੀ... ਧਰਤੀ ਅਰਜ਼... ..ਰਾਮਾ...

?---ਨਰਿੰਜਨ ਤਸਨੀਮ ਨੀਮ ਹਕੀਮ

?---ਹਰੀ ਨਾਮ ਦੀਵਾਨੇ ਆਮ

?---ਪ੍ਰੇਮ ਪਕਾਸ਼ ਦੀਵਾਨੇ ਖ਼ਾਸ

?---ਹਰਸਰਨ ਨਾਟ ਕਨਸਰਨ

?---ਜਸਵੰਤ ਸਿੰਘ ਵਿਰਦੀ ਮੁੱਕ ਚੁੱਕੀ ਗੱਲ ਚਿਰਦੀ

?---ਸੁਰਜੀਤ ਪਾਤਰ ਬਟੂਏ ’ਚ ਦਾਤਰ

?---ਸਤਿੰਦਰ ਸਿੰਘ ਨੂਰ ਲੱਡੂਆਂ ਦਾ ਭੂਰ

?---ਮੋਹਨ ਭੰਡਾਰੀ ਪ੍ਰੇਮ ਪੁਜਾਰੀ

?---ਹਰਿ ਭਜਨ (ਮੁਸਕਰਾਉਂਦਾ ਹੋਇਆ) ਕੁਨਨ! ਕੁਨਨ!! ਮੇਰਾ ਭੀਗਾ ਬਦਨ

?---ਗੁਰਬਚਨ ਸਤਿ ਬਚਨ

?---ਸਤੀ ਕੁਮਾਰ ਗੋਲੀ ਮਾਰ

?---ਕਪੂਰ ਸਿੰਘ ਘੁੰਮਣ ਚਰਖੇ ਦਾ ਫੁੰਮਣ

?---ਗੁਰਮੁਖ ਸਿੰਘ ਮੁਸਾਫ਼ਰ ਬੋਲ ਨਾ ਬਾਫ਼ਰ

?---ਰਘੁਬੀਰ ਢੰਡ ਮਿਰਜ਼ੇ ਦਾ ਜੰਡ

?---ਮਹਿਰਮਯਾਰ ਨਾ ਅੰਦਰ ਨਾ ਬਾਹਰ

?---ਗੁਲਜ਼ਾਰ ਸਿੰਘ ਸੰਧੂ ਆਗੇ ਚਲੋ ਬੰਧੂ

?---ਗੁਰਦਿਆਲ ਚੰਗੈ ਓਵਰਆਲ

?---ਪ੍ਰਭਜੋਤ ਕਿਹੜੀ ਜਾਤ ਤੇ ਕਿਹੜਾ ਗੋਤ

?---ਮਹਿੰਦਰ ਸਿੰਘ ਸਰਨਾ ਉਹ ਨੇ ਹੁਣ ਕੀ ਕਰਨਾ

?---ਮੋਹਨ ਕਾਹਲੋਂ ਬੈਟਰ ਤੇਰ ਨਾਲੋਂ

?---ਕਿਰਪਾਲ ਸਿੰਘ ਕਸੇਲ ਤੁੰਮੇ ਦੀ ਵੇਲ

?---ਭੁੱਲਰ ਤੇ ਰੁਪਾਣਾ ਇਹ ਕਿਹੜਾ ਦੁਗਾਣਾ

?---ਪਿਆਰਾ ਸਿੰਘ ਭੋਗਲ ਕਰ ਦਿੱਤੀ ਨਾ ਉਹ ਗੱਲ? ਅੱਗੇ ਚੱਲ

?---ਜਸਵੰਤ ਸਿੰਘ ਕੰਵਲ ਹੱਡੀ ਵਾਲ਼ਾ ਅਮਲ

?---ਗੁਦਿਆਲ ਸਿੰਘ ਫੁੱਲ ਬਾਕੀ ਮੁੱਕਗੇ ਕੁੱਲ

?---ਮਿੰਦਰ ਰੋਡੂ ਕਲੰਦਰ

(ਸਿਗਰਟ ਮੂੰਹ ’ਚ ਪਾ ਕੇ ਤੀਲੀ ਮੈਨੂੰ ਫੜਾ ਦਿੰਦਾ ਹੈ)

?---ਗੁਰਬਖ਼ਸ਼ ਬਾਹਲਵੀ ਤੀਲੀ ਬਾਲ ਵੀ

?---ਭੂਸ਼ਨ ਧਿਆਨਪੁਰੀ ਬਗਲ ਵਿਚ ਰਾਮ ਰਾਮ ਮੂੰਹ ਵਿਚ ਛੁਰੀ

?---ਸ਼ਿਵ ਕੁਮਾਰ ਛੱਡ ਯਾਰ

####

1 comment: