ਭਾਵੀ ਫ਼ਿਲਮਸਾਜ਼ਾਂ ਤੇ ਫ਼ਿਲਮ ਪੱਤਰਕਾਰਾਂ ਲਈ
ਪੰਜਾਬੀ ਵਿਚ ਪਹਿਲੀ ਪੁਸਤਕ
ਜਦੋਂ ਤੋਂ ਪੱਤਰਕਾਰੀ ਨੂੰ ਕਿੱਤਾ ਮੰਨ ਕੇ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਇਹ ਵਿਸ਼ਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ, ਵਿਦਿਆਰਥੀਆਂ ਨੂੰ ਇਸ ਵਿਸ਼ੇ ਦੇ ਇਮਤਿਹਾਨ ਦੀ ਤਿਆਰੀ ਕਰਨ ਲਈ ਕਿਤਾਬਾਂ ਦੀ ਬੜੀ ਘਾਟ ਰਹਿੰਦੀ ਹੈ। ਹੁਣ ਜਦੋਂ ਪੱਤਰਕਾਰੀ ਦੀ ਪੜ੍ਹਾਈ ਵਿਚ ਫ਼ਿਲਮਾਂ ਤੇ ਟੈਲੀਵਿਯਨ ਦੇ ਪ੍ਰੋਗਰਾਮ ਬਣਾਉਣ ਦੀ ਸਿਖਲਾਈ ਦੇਣਾ ਵੀ ਸ਼ਾਮਲ ਹੋ ਗਿਆ ਹੈ ਤਾਂ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਪੜ੍ਹਨ ਲਈ ਕੋਈ ਕਿਤਾਬ, ਖ਼ਾਸ ਤੌਰ ’ਤੇ ਪੰਜਾਬੀ ਵਿਚ ਤਾਂ ਕੋਈ ਕਿਤਾਬ ਮਿਲਦੀ ਹੀ ਨਹੀਂ ਸੀ। ਇਹ ਘਾਟ ਦੂਰ ਕੀਤੀ ਹੈ ‘ਕਲਮਿਸਤਾਨ’, ਜਲੰਧਰ ਨੇ ‘ਫ਼ਿਲਮਸਾਜ਼ੀ, ਨਾਂ ਦੀ ਇਕ ਬਹੁਤ ਹੀ ਖ਼ੁਬਸੂਰਤ ਅਤੇ ਸਚਿੱਤਰ ਕਿਤਾਬ ਪ੍ਰਕਾਸ਼ਤ ਕਰ ਕੇ। ਇਹ ਪੁਸਤਕ ਇਸ ਪ੍ਰਕਾਸ਼ਨ ਦੀ ਪਲੇਠੀ ਪੇਸ਼ਕਸ਼ ਹੈ। ਪਹਿਲੀ ਨਜ਼ਰੇ ਇਹ ਕਿਤਾਬ ਦੇਖਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਹ ਕਿਸੇ ਹੋਰ ਭਾਸ਼ਾ ਦੀ ਕਿਤਾਬ ਹੈ ਕਿਉਂ ਕਿ ਪੰਜਾਬੀ ਵਿਚ ਇਸ ਅੰਦਾਜ਼ ਤੇ ਆਕਾਰ ਦੀ ਕੋਈ ਪੁਸਤਕ ਪਹਿਲਾਂ ਦੇਖਣ ਵਿਚ ਨਹੀਂ ਆਈ।
ਇਹ ਕਿਤਾਬ ਫ਼ਿਲਮਾਂ ਬਣਾਉਣ ਦੇ ਕਸਬ ਬਾਰੇ ਜਾਣਕਾਰੀ ਹੀ ਨਹੀਂ ਦਿੰਦੀ, ਸਗੋਂ ਇਸ ਵਿਚ ਦਰਜ ਸਮੱਗਰੀ ਦੀ ਪੇਸ਼ਕਾਰੀ ਵੀ ਇਕ ਖ਼ਾਸ ਕਿਸਮ ਦੇ ਫ਼ਿਲਮੀ ਅੰਦਾਜ਼ ਵਿਚ ਕੀਤੀ ਗਈ ਹੈ। ਮਿਸਾਲ ਦੇ ਤੌਰ ’ਤੇ ਇਸ ਕਿਤਾਬ ਵਿਚ ਸ਼ਾਮਲ 25 ਲੇਖਾਂ ਦਾ ਸਿਰਨਾਵਾਂ ਦੇਣ ਲਈ ਜੋ ਤਤਕਰਾ ਹੁੰਦਾ ਹੈ, ਉਹ ਇਸ ਕਿਤਾਬ ਵਿਚ ਨਹੀਂ ਹੈ ਤੇ ਉਸ ਦੀ ਥਾਂ ਲੇਖਕ ਨੇ ‘ਵਿਊ ਫਾਈਂਡਰ’ ਲਿਖਿਆ ਹੈ। ਸ਼ਾਇਦ ਬਹੁਤੇ ਪਾਠਕ ਇਹ ਨਾ ਜਾਣਦੇ ਹੋਣ ਕਿ ਕੈਮਰੇ ਰਾਹੀਂ ਫੋਟੋ ਖਿੱਚਣ ਜਾਂ ਫ਼ਿਲਮ ਬਣਾਉਣ ਲਈ, ਕੈਮਰੇ ਦੇ ਜਿਸ ਝਰੋਖੇ ਯਾਨੀ ਜਿਸ ਸੀਸ਼ੇ ਨਾਲ ਅੱਖ ਲਾ ਕੇ ਦ੍ਰਿਸ਼ ਦੇਖੀਦਾ ਹੈ, ਉਸ ‘ਵਿਊ ਫਾਈਂਡਰ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਇਸ ਪੁਸਤਕ ਵਿਚ ਸ਼ਾਮਲ ਹਰ ਲੇਖ ਦੇ ਸਿਰਲੇਖ ਤੇ ਉੱਤੇ ਇਕ ‘ਫਲਿੱਕਰ’ ਲਗਾਇਆ ਹੋਇਆ ਹੈ, ਜਿਸ ਲਈ ਵਰਤੇ ਹੋਏ ਸ਼ਬਦਾਂ ਦਾ ਸਿੱਧਾ ਸਬੰਧ ਫ਼ਿਲਮ ਜਾਂ ਟੀ. ਵੀ. ਸਨਅਤ ਨਾਲ ਹੈ। ਇਹ ਸ਼ਬਦ ਐਵੇਂ ਹੀ ਇਨ੍ਹਾਂ ਸਿਰਲੇਖਾਂ ਉੱਤੇ ਨਹੀਂ ਟੰਗੇ ਹੋਏ, ਹਰ ਲੇਖ ਵਿਚ ਦਰਜ ਵੇਰਵਿਆਂ ਦਾ ਉਨ੍ਹਾਂ ਸ਼ਬਦਾਂ ਨਾਲ ਤੇ ਉਨ੍ਹਾਂ ਸ਼ਬਦਾਂ ਦਾ ਉਨ੍ਹਾਂ ਵੇਰਵਿਆਂ ਨਾਲ ਗੂੜ੍ਹਾ ਸਬੰਧ ਹੈ।
ਮਿਸਾਲ ਦੇ ਤੌਰ ’ਤੇ ਲੇਖਕ ਵੱਲੋਂ ਲਿਖੀ ਹੋਈ ਭੂਮਿਕਾ ਦਾ ਸਿਰਲੇਖ ਤਾਂ ‘ਇਸ ਕਿਤਾਬ ਦੀ ਕੀ ਲੋੜ ਸੀ ਭਲਾ’ ਹੈ, ਪਰ ਉਸ ਉੱਪਰ ਫਲਿੱਕਰ ਵਿਚ ‘ਮਹੂਰਤ ਸ਼ਾਟ’ ਛਪਿਆ ਹੋਇਆ ਹੈ। ਭੂਮਿਕਾ ਪੜ੍ਹਦਿਆਂ ਹੀ ਪਾਠਕ ਨੂੰ ਇਸ ਦਾ ਮਤਲਬ ਸਮਝ ਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਲੇਖ ਵਿਚ ‘ਫ਼ਿਲਮਸਾਜ਼ੀ ਦਾ ਇਤਿਹਾਸ’ ਦਰਜ ਹੈ ਉਸ ਦਾ ਫਲਿੱਕਰ ਸਿਰਲੇਖ ‘ਫਲੈਸ਼ ਬੈਕ’ ਹੈ। ਇਸ ਤਰ੍ਹਾਂ ਇਹ ਕਿਤਾਬ ਪਹਿਲੇ ਵਰਕੇ ਤੋਂ ਹੀ ਦਿਲਚਸਪ ਹੋ ਜਾਂਦੀ ਹੈ। ਭਾਵੇਂ ਹਰ ਲੇਖ ਨਾਲ ਲੇਖਕ ਨੇ ਢੁੱਕਵੀਆਂ ਤਸਵੀਰਾਂ ਛਾਪਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੁੱਝ ਤਸਵੀਰਾਂ ਲੇਖਕ ਦੀਆਂ ਆਪਣੀਆਂ ਵੀ ਹਨ, ਜਿਨ੍ਹਾਂ ਵਿਚ ਉਹ ਵੱਖ-ਵੱਖ ਫ਼ਿਲਮੀ ਹਸਤੀਆਂ ਨਾਲ ਵਿਚਰਦਾ, ਇੰਟਰਵਿਊਜ਼ ਕਰਦਾ ਜਾਂ ਮਿਲਦਾ-ਗਿਲਦਾ ਨਜ਼ਰ ਆਉਂਦਾ ਹੈ। ਇਨ੍ਹਾਂ ਹਸਤੀਆਂ ਵਿਚ ਸ਼ਿਆਮ ਬੈਨੇਗਲ, ਸੁਭਾਸ਼ ਘਈ, ਕਮਲੇਸ਼ਵਰ, ਅਮ੍ਰਿਤਾ ਪ੍ਰੀਤਮ, ਕਾਮਿਨੀ ਕੌਸ਼ਲ, ਸਾਧਨਾ ਸਿੰਘ, ਨਵੀਨ ਨਿਸਚਲ, ਚਿੱਤਰਕਾਰ ਕਿਰਪਾਲ ਸਿੰਘ, ਸ਼ਬਾਨਾ ਆਜ਼ਮੀ, ਅਰੁਣਾ ਇਰਾਨੀ, ਦਲਜੀਤ ਕੌਰ, ਗੁਰਦਾਸ ਮਾਨ, ਮਿਹਰ ਮਿੱਤਲ, ਧੀਰਜ ਕੁਮਾਰ, ਸ਼ਾਇਰ ਸ. ਸ. ਮੀਸ਼ਾ, ਰਾਜਨ ਹਕਸਰ, ਸਤੀਸ਼ ਕੌਲ, ਬੂਟਾ ਸਿੰਘ ਸ਼ਾਦ, ਅਮਰੀਕ ਸਿੰਘ ਪੂਨੀ, ਆਈ. ਕੇ. ਗੁਜਰਾਲ, ਗੁੱਗੂ ਗਿੱਲ, ਦਰਸ਼ਨ ਬੱਗਾ, ਵਰਿੰਦਰ, ਓ. ਪੀ. ਮੱਕੜ, ਸਤਿੰਦਰ ਸਰਤਾਜ, ਦਲੇਰ ਮਹਿੰਦੀ, ਸੁਰਿੰਦਰ ਸ਼ਿੰਦਾ, ਦਾਰਾ ਸਿੰਘ, ਰਾਜ ਬੱਬਰ, ਰੋਹਣ ਕਪੂਰ ਅਤੇ ਜਾਨੀ ਲੀਵਰ ਦੇ ਨਾਲ-ਨਾਲ ਦੀਪ ਢਿੱਲੋਂ, ਭਾਵਨਾ ਭੱਟ, ਬਰਾਂਡੋ ਬਖ਼ਸ਼ੀ ਅਤੇ ਰਮਨਾ ਵਧਾਵਨ ਅਤੇ ਟੀਨਾ ਘਈ ਵੀ ਸ਼ਾਮਲ ਹਨ। ਇਨ੍ਹਾਂ ਤਸਵੀਰਾਂ ਵਿਚ ਇਕਬਾਲ ਚਾਨਾ ਦੇ ਨਿਰਦੇਸ਼ਨ ਹੇਠ ਬਣ ਕੇ ਰਿਲੀਜ਼ ਹੋ ਚੁੱਕੀ ਹਿੰਦੀ ਫ਼ਿਲਮ ‘ਮਸਤੀ’ ਦੀਆਂ ਕੁੱਝ ਤਸਵੀਰਾਂ ਵੀ ਸ਼ਾਮਲ ਹਨ।
ਇੱਥੇ ਇਹ ਦੱਸਣਾ ਬੇਥਵਾਂ ਨਹੀਂ ਹੋਵੇਗਾ ਕਿ ਇਸ ਕਿਤਾਬ ਦੇ ਲੇਖਕ ਬਖ਼ਸ਼ਿੰਦਰ ਨੇ ਕੁੱਝ ਪੰਜਾਬੀ ਫ਼ਿਲਮਾਂ ਦੀਆਂ ਸਕਰਿਪਟਸ ਵੀ ਲਿਖੀਆਂ ਹੋਈਆਂ ਹਨ ਤੇ ‘ਮਸਤੀ’ ਨਾਂ ਦੀ ਹਿੰਦੀ ਫ਼ਿਲਮ ਵਿਚ ਅਤੇ ‘ਜੈ ਬਾਬਾ ਬਾਲਕ ਨਾਥ’ ਤੇ ‘ਥਾਣੇਦਾਰ’ (ਪੂਰੀ ਨਹੀਂ ਹੋ ਸਕੀ) ਵਰਗੀਆਂ ਪੰਜਾਬੀ ਫ਼ਿਲਮਾਂ ਵਿਚ ਅਦਾਕਾਰੀ ਵੀ ਕੀਤੀ ਹੋਈ ਹੈ।
ਬਖ਼ਸ਼ਿੰਦਰ ਨੇ ਇਹ ਕਿਤਾਬ ਲਿਖਦਿਆਂ ਪੱਤਰਕਾਰੀ ਦੇ ਵਿਦਿਆਰਥੀਆਂ/ ਸਿਖਿਆਰਥੀਆਂ ਦੀਆਂ ਵਿਦਿਅਕ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿਉਂ ਕਿ ਉਸ ਨੇ ਵੀ ਪੱਤਰਕਾਰੀ ਦੀ ਮਾਸਟਰਜ਼ ਡਿਗਰੀ ਕਰਨ ਸਮੇਂ, ਇਸ ਵਿਸ਼ੇ ਬਾਰੇ ਕਿਤਾਬਾਂ ਨਾ ਮਿਲਣ ਦੀ ਸਮੱਸਿਆ ਆਪਣੇ ਹੱਡੀਂ ਹੰਢਾਈ ਸੀ। ਇਸ ਕਿਤਾਬ ਦੇ ਲੇਖਕ ਦਾ ਪੱਤਰਕਾਰ ਹੋਣ ਦੇ ਨਾਲ-ਨਾਲ ਫ਼ਿਲਮਸਾਜ਼ੀ ਦੇ ਖੇਤਰ ਵਿਚ ਵੀ ਸਰਗਰਮ ਰਹਿਣਾ ਤੇ ਫਿਰ ਇਹ ਕਿਤਾਬ ਲਿਖਣਾ ਇਸ ਖੇਤਰ ਦੇ ਵਿਦਿਆਰਥੀਆਂ/ ਸਿਖਿਆਰਥੀਆਂ ਲਈ ਲਾਹੇਬੰਦ ਸਿੱਧ ਹੋ ਸਕਦਾ ਹੈ। ਇਸ ਪੁਸਤਕ ਦੇ ਲੇਖਕ ਨੇ ਇਸ ਕਿਤਾਬ ਵਿਚ ਫ਼ਿਲਮਸਾਜ਼ੀ ਬਾਰੇ ਤਾ ਜਾਣਕਾਰੀ ਦਿੱਤੀ ਹੀ ਹੈ, ਉਸ ਨੇ ਇਸ ਕਿਤਾਬ ਦੀ ਰੂਪ-ਰੇਖਾ ਤਿਆਰ ਕਰਦਿਆਂ, ਆਪਣਾ ਅਖ਼ਬਾਰੀ ਪੱਤਰਕਾਰੀ ਸਾਰਾ ਅਨੁਭਵ ਵੀ ਇਸ ਕਿਤਾਬ ਦੇ ਲੇਖੇ ਲਾ ਦਿੱਤਾ ਲੱਗਦਾ ਹੈ।
ਭਾਵੇਂ ਇਹ ਕਿਤਾਬ ਪੜ੍ਹ ਕੇ ਕੁੱਝ ਲੋਕ ਇਹ ਕਹਿ ਸਕਦੇ ਹਨ ਕਿ ‘ਫ਼ਿਲਮਸਾਜ਼ੀ’ ਬਾਰੇ ਕਿਤਾਬ ਕਿਸੇ ਫ਼ਿਲਮਸਾਜ਼ ਵੱਲੋਂ ਲਿਖੀ ਹੋਣੀ ਚਾਹੀਦੀ ਸੀ। ਇਹੋ ਜਿਹੇ ਲੋਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਹੀ ਕਾਫੀ ਹੋਵੇਗਾ ਕਿ ਇਸ ਪੁਸਤਕ ਦਾ ਲੇਖਕ ਬਖ਼ਸ਼ਿੰਦਰ, ਪੈਂਤੀ-ਛੱਤੀ ਵਰ੍ਹੇ ਪੱਤਰਕਾਰੀ ਕਰਨ ਦੌਰਾਨ ਕਈ ਵਰ੍ਹੇ ‘ਫ਼ਿਲ਼ਮ ਸਮੀਖਿਆ’ ਹੀ ਨਹੀਂ ਕਰਦਾ ਰਿਹਾ, ਸਗੋਂ ਕਈ ਫ਼ਿਲਮਾਂ ਦੀਆਂ ਸਕਰਿਪਟਾਂ ਲਿਖਣ ਦੇ ਨਾਲ-ਨਾਲ ਹੁਣ ਇਕ ਵੱਖਰੀ ਕਿਸਮ ਦੀ ਪੰਜਾਬੀ ਫੀਚਰ ਫਿਲਮ ‘ਬਾਬਾ ਇਨਕਲਾਬ ਸਿੰਘ’ ਦੀ ਪਟਕਥਾ ਲਿਖ ਕੇ ਉਸ ਦਾ ਨਿਰਦੇਸ਼ਨ ਵੀ ਕਰ ਰਿਹਾ ਹੈ। ਇਸ ਪੱਤਰਕਾਰ-ਨਿਰਦੇਸ਼ਕ ਵੱਲੋਂ ਲਿਖੀ ਹੋਈ ਇਹ ਪੁਸਤਕ ਪਾਠਕਾਂ ਨੂੰ ਨਿਰਾਸ਼ ਨਹੀਂ ਕਰੇਗੀ -ਇਹ ਮੇਰਾ ਦਾਅਵਾ ਹੈ। -ਸ਼ੇਖ਼ਰ ਬਾਬਾਸਨ
No comments:
Post a Comment