ਬਾਂਦਰ, ਪੌੜੀ, ਕੇਲੇ ਅਤੇ ਠੰਡੇ ਤੱਤੇ ਤਜਰਬੇ
------------------------------ -------------------------------------------------------------------------------------------------------------------------------------
ਸੰਵਿਧਾਨਕ ਚੇਤਾਵਨੀ :- ਇਹ ਕਹਾਣੀ ਜਾਂ ਜੋ ਕੁਝ ਵੀ ਇਹ ਹੈ, ਕਈ ਸਾਲ ਪਹਿਲਾਂ ਬਰਤਾਨੀਆ ਦੇ ਕੁਝ ਮਨੋਵਿਗਿਆਨੀਆਂ ਵੱਲੋਂ ਕੀਤੇ ਗਏ ਤਜੁਰਬੇ ਦੀ ਰੀਪੋਰਤਾਜ ਹੀ ਮੰਨੀ ਜਾ ਸਕਦੀ ਹੈ I ਇਸ ਦਾ, ਇਸ ਵੇਲ਼ੇ ਵਾਪਰ ਰਹੀਆਂ ਘਟਨਾਵਾਂ ਨਾਲ ਜੇ ਕੋਈ ਸਬੰਧ ਜੇ ਨਜ਼ਰੀਂ ਪੈਂਦਾ ਹੈ ਤਾਂ ਓਹ ਮਹਿਜ਼ ਇਤਫ਼ਾਕਨ ਹੋ ਸਕਦਾ ਹੈ I ਸੋ ਪਾਠਕ ਇਸ ਨੂੰ ਆਪ ਪੜ੍ਹਦਿਆਂ ਜਾਂ ਪੜ੍ਹ ਕੇ ਸੁਣਾਉਂਦਿਆਂ ਆਪਣੀ ਬੁੱਧੀ ਦਾ ਇਸਤਿਮਾਲ ਜਰੂਰ ਕਰਨ। ... ਉਨ੍ਹਾਂ ਦੇ ਆਪਣੇ ਅਵੇਸਲੇਪਣ ਕਰ ਕੇ ਪੈਦਾ ਹੋਈ ਕਿਸੇ ਬੌਧਿਕ ਟੁੱਟ ਫੁੱਟ ਦਾ ਜ਼ਿੰਮੇਵਾਰ ਇਹ ਲੇਖਕ ਨਹੀਂ ਹੋਵੇਗਾ I
------------------------------ ------------------------------ ------------------------------ -------------------------------------------------------------------------
ਪੁੱਠੇ ਸਿੱਧੇ ਤਜੁਰਬੇ ਕਰਨ 'ਚ ਪੂਰਬੀ ਮੁਲਕਾਂ ਦੇ ਮੁਕਾਬਲੇ ਪਛਮੀ ਮੁਲਕ ਸ਼ਰੂ ਤੋਂ ਹੀ ਕਾਫੀ ਅੱਗੇ ਰਹੇ ਹਨ ਤੇ ਹੁਣ ਵੀ ਹਨI ਤਜਰਬੇ ਤਾਂ ਵੇਖੋ ਨਾਂ ਓਹੀਓ ਕਰੂਗਾ, ਜਿਸ ਦੇ ਰਾਜ 'ਚ ਕਦੇ ਸੂਰਜ ਨਾਂ ਡੁੱਬਦਾ ਰਿਹਾ ਹੋਵੇ I ਉਨ੍ਹਾਂ ਕੀ ਕਰਨੇ, ਜਿਨ੍ਹਾਂ ਵਾਸਤੇ ਚੜਿਆ ਲੱਥਾ ਇੱਕੋ ਜਿਹਾ I ਗੱਲ ਤਾਂ ਸਾਰੀ ਸੰਵੇਦਨਸ਼ੀਲਤਾ ਦੀ ਹੈ I ਇਸੇ ਲਈ ਮਨੁੱਖਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਅਧਿਅੈਨ ਕਰਨ ਲਈ , ਓਹ ਸਾਰੇ ਤਜੁਰਬੇ ਪਹਿਲਾਂ ਬਾਂਦਰਾਂ ਉੱਤੇ ਕਰਦੇ ਹਨ ਅਤੇ ਜੇ ਕਾਮਯਾਬੀ ਮਿਲ ਗਈ ਤਾਂ ਫਿਰ ਆਦਮੀਆਂ ਉੱਤੇ I ਵੈਸੇ ਉਨ੍ਹਾਂ ਦੀ ਸੋਚਣੀ ਹੈ ਵੀ ਕਾਫੀ ਹੱਦ ਤਕ ਠੀਕ। ....ਦੋਹਾਂ 'ਚ ਫ਼ਰਕ ਤਾਂ ਲੈ-ਦੇ ਕੇ ਇੱਕ ਪੂਛ ਦਾ ਹੀ ਹੈ ਨਾ। ... ਬਹੁਤ ਹੱਦ ਤਕ ਘਸ ਘਸਾ ਕੇ ਖਤਮ ਹੋ ਗਈ ਹੈ। ... ਜਿਹੜੀ ਥੋੜੀ ਮੋਟੀ ਬਚੀ ਹੋਈ ਹੈ ਉਹ ਵੀ ਅੱਜ ਜਾਂ ਕੱਲ ਖਤਮ ਹੋ ਹੀ ਜਾਣੀ ਹੈ ...
---- ਖੈਰ ! ਮੈਂ ਗੱਲ ਕਰ ਰਿਹਾ ਸੀ ਤਜੁਰਬੇ ਦੀ। ...ਉੱਥੇ ਈ ਟਿਕੇ ਰਹੀਏ। ਐਵੈਂ ਇੱਧਰ ਉੱਧਰ ਦੀਆਂ ਨਾ ਛੱਡੀ ਜਾਈਏ I ਜੇ ਪੂਛਾਂ ਦੇ ਕਲਰ ਅਤੇ ਸਾਈਜ਼ ਦੀ ਬਹਿਸ ਵਿਚ ਪੈ ਗਏ ਤਾਂ ਫਿਰ ਤਾਂ ਸਰ ਗਿਆ I
-----ਹੋਇਆ ਇਓਂ ਬਈ ਇਨ੍ਹਾਂ ਮਨੋਵਿਗਿਆਨੀਆਂ ਨੇਂ ਅੱਠ ਬਾਂਦਰ ਇੱਕ ਕਮਰੇ ਚ ਤਾੜ ਲਏ। ..... ਅੱਠ ਹੀ ਕਿਓਂ ? ਜ਼ਿਆਦਾ ਕਿਉਂ ਨਹੀਂ ? ਇਹ ਤਾਂ ਓਹ ਹੀ
------ਉਨ੍ਹਾਂ ਬਾਂਦਰਾਂ ਚੋਂ ਇੱਕ , ਜਿਸ 'ਚ ਲੀਡਰਸ਼ਿੱਪ ਦੇ ਗੁਣ ਸ਼ਾਇਦ ਜਿਆਦਾ ਹੀ ਸਨ, ਮੈਦਾਨ ਨੂੰ ਖਾਲੀ ਵੇਖ ਪੌੜੀ ਵੱਲ ਵਧਿਆ। ... ਵੇਖਾ ਤੇਖੀ ਬਾਕੀ ਦੇ ਬਾਂਦਰ ਵੀ ਪੱਬਾਂ ਭਾਰ ਹੋ ਗਏ। ...ਜਿਵੇਂ ਕੇਲੇ ਹੁਣ ਮਿਲੇ ਕਿ ਮਿਲੇ । ..... ਪਰ ਇਸ ਤੋ ਪਹਿਲਾਂ ਕਿ ਉਹ ਮੋਹਰੀ ਬਾਂਦਰ ਪੌੜੀ ਦਾ ਪਹਿਲਾ ਡੰਡਾ ਵੀ ਚੜ੍ਹਦਾ, ਬੂਹੇ ਪਿਛੋਂ ਬਰਫ਼ੀਲੇ ਠੰਢੇ ਪਾਣੀ ਦੀਆਂ ਬਾਲਟੀਆਂ ਪਹਿਲਾਂ ਉਨ੍ਹਾਂ ਸੱਤਾਂ ਉੱਤੇ ਧੜਾ-ਧੜ ਪਈਆਂ ਤੇ ਫਿਰ ਉਸ ਉੱਤੇ, ਜਿਹੜਾ ਮੋਹਰੀ ਬਣ ਕੇ ਤੁਰਿਆ ਸੀ। ..... ਕੁਹਰਾਮ ਮਚ ਗਿਆ ਚੁਫੇਰੇ। ..... ਸਮਝ ਹੀ ਨਾ ਆਵੇ ਕਿ ਹੋਇਆ ਕੀ ਹੈ। .. ਸਾਰੇ ਘੀਂ-ਘੀਂ ਕਰੀ ਜਾਣ ਤੇ ਇੱਕ ਦੂਜੇ ਨੂੰ ਦੰਦ ਕੱਢ ਕੱਢ ਪੈਣ । .... ਉਹ ਪਲਾਂ 'ਚ ਹੀ ਠੰਢੇ ਹੋ ਗਏ। ... ਥੋੜੀ ਦੇਰ ਚੁੱਪ-ਚਾਂ ਰਹੀ। ... ਫਿਰ ਹਿੰਮਤ ਕਰ ਕੇ ਦੂਜਾ ਅੱਗੇ ਵਧਿਆ। .... ਇਹ ਸੋਚਦਿਆਂ ਕਿ ਹੋ ਸਕਦੈ ਪਹਿਲੇ ਨੇ ਹਾਲਤਾਂ ਦਾ ਨਿਰਣਾ ਈ ਗਲਤ ਕੀਤਾ ਹੋਵੇ ਜਾਂ ਕੋਈ ਇਤਿਹਾਸਕ ਗਲਤੀ ਕਰ ਬੈਠਾ ਹੋਵੇ। ... ਪਰ ਦੂਜੀ ਵਾਰ ਵੀ ਇਹੋ ਰਾਮ ਲੀਲਾ ਕਿ ਓਹੀਓ ਠੰਢੇ ਪਾਣੀ ਦੀਆਂ ਬੁਛਾਰਾਂ। ..... ਓਹੀਓ ਘੀਂ-ਘੀਂ ਅਤੇ ਓਹੀਓ ਉੱਤਰ ਆਉਂਦੀ ਠੰਢ ....
----- ਜਦੋਂ ਵਾਰੀ ਵਾਰੀ ਸਾਰੇ ਠੰਢੇ ਹੋ ਗਏ ਤਾਂ ਉਹ ਇਕੱਠੇ ਹੋ ਕੇ ਬੈਠ ਗਏ, ਜਿਵੇਂ ਸੋਚ ਰਹੇ ਹੋਣ ਕਿ ਉਨ੍ਹਾਂ ਦੇ ਦੁੱਖਾਂ ਦਾ ਕਾਰਨ ਆਖ਼ਰ ਕੀ ਹੈ .... ਮੁਕਤੀ ਕਿਵੇਂ ਮਿਲੂ ? ਨਿਰਵਾਣ ਕਿਵੇਂ ਹਾਸਲ ਹੋਊ ? ਦਾਅ -ਪੇਚ ਕਿਹੜਾ ਇਸਤੇਮਾਲ ਕਰੀਏ।
----- ਲੰਬੀ ਉਸਾਰੂ ਬਹਿਸ ਤੋਂ ਬਾਅਦ ਸਾਰੇ ਇੱਕੋ ਸਿੱਟੇ ਉੱਤੇ ਪਹੁੰਚੇ। ਲੱਗਿਆ ਕਿ ਸਾਰੇ ਦੁੱਖਾਂ ਦੀ ਜੜ ਤਾਂ ਪੌੜੀ ਹੈ। ...ਵੈਸੇ ਤਾਂ ਸਾਰਾ ਕੁਝ ਠੀਕ ਰਹਿੰਦਾ ਹੈ, ਪਰ ਜਦੋਂ ਵੀ ਕੋਈ ਪਹਿਲੇ ਡੰਡੇ ਉੱਤੇ ਚੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਰਾਦਰੀ ਉੱਤੇ ਘੋਰ ਸੰਕਟ ਆ ਜਾਂਦੈ I ਹੱਲ? ਇਹੋ ਬਈ ਕਿਸੇ ਨੂੰ ਪੌੜੀ ਦਾ ਪਹਿਲਾ ਡੰਡਾ ਵੀ ਚੜਨ ਨਾ ਦਿੱਤਾ ਜਾਏ। .. ਹਰ ਹਾਲਤ ਚ ਰੋਕਿਆ ਜਾਵੇ। .. ਕਿਸੇ ਵੀ ਕੀਮਤ ਉੱਤੇ I ਸੋ ਹੁਣ ਜਦੋਂ ਵੀ ਉਨ੍ਹਾਂ ਵਿਚੋਂ ਕਿਸੇ ਨੇ ਇਹ ਸੋਚਦਿਆਂ ਕਿ ਸ਼ਾਇਦ ਹੁਣ ਹਾਲਾਤ ਪੱਕ ਗਾਏ ਹੋਣ, ਦੁਬਾਰਾ ਕੋਸ਼ਿਸ਼ ਕਰ ਵੇਖਣ ਲਈ ਅੱਗੇ ਵਧਣਾ, ਬੂਹੇ ਵੱਲੋਂ ਠੰਢੇ ਪਾਣੀ ਦੀਆਂ ਬੁਛਾਰਾਂ ਪੈਣ ਤੋਂ ਪਹਿਲਾਂ ਹੀ ਉਨ੍ਹਾਂ ਸੱਤਾਂ ਨੇ ਆਪ ਈ ਰਲ- ਮਿਲ ਕੇ ਅੱਠਵੇਂ ਦੀ ਏਹੀ-ਤੇਹੀ ਫੇਰ ਦੇਣੀ I ਫਿਰ ਇੱਕ ਇਹੋ ਜਿਹਾ ਟੈਮ ਆ ਗਿਆ ਕਿ ਸਾਰਿਆਂ ਨੇ ਬਸ ਇੱਕ ਦੂਜੇ ਵੱਲ ਵੇਖੀ ਜਾਣਾ, ਪਰ ਉੱਠਣਾ ਨਾ।
------ ਉ੍ਰੱਧਰ ਮਨੋਵਿਗਿਆਨੀਆਂ ਨੇ ਪਹਿਲਾਂ ਵਾਲੇ ਅੱਠ ਬਾਂਦਰਾਂ 'ਚੋਂ ਇੱਕ ਬਾਂਦਰ ਬਾਹਰ ਕਢ ਲਿਆ ਅਤੇ ਓਸ ਦੀ ਥਾਂ ਇੱਕ ਨਵਾਂ ਸ਼ਮਿਲ ਕਰ ਦਿੱਤਾ। ਨਵੇਂ ਬਾਂਦਰ ਨੇ ਅੰਦਰ ਆ ਕੇ ਨਜ਼ਾਰਾ ਵੇਖਿਆ। .... ਬੜਾ ਹੈਰਾਨ ਹੋਇਆ। ... ਕਮਾਲ ਐ, ਕੇਲੇ ਵੀ ਹੈਗੇ , ਪੌੜੀ ਵੀ ਹੈਗੀ , ਸੱਤ-ਸੱਤ ਭਾਈਬੰਦ ਵੀ ਬੈਠੇ ਨੇ ਪਰ ਸਾਰੇ ਦੇ ਸਾਰੇ ਚੁੱਪ ਚਾਪ। ... ਹਿੰਮਤ ਵੀ ਕੋਈ ਨਹੀਂ ਕਰ ਰਿਹਾ। ...ਲੱਗਦੈ ਸਾਰੇ ਦੇ ਸਾਰੇ ਕਮਲ਼ੇ ਹੋ ਗਏ। ਲੱਗਦੈ ਇਸ ਮਹੱਤਵਪੂਰਨ ਕੰਮ ਦੀ ਡਿਊਟੀ , ਉੱਪਰ ਵਾਲੇ ਨੇ ਮੇਰੇ ਹੀ ਜ਼ਿੰਮੇ ਲਾਈ ਹੈ। ... ਮੈਨੂੰ ਈ ਕੁਝ ਕਰਨਾ ਪਊ । .... ਕਿਸੇ ਨਾਂ ਕਿਸੇ ਨੂੰ ਤਾਂ ਮੁਹਰੀ ਬਣਨਾ ਹੀ ਪੈਂਦੈ । .... ਸੋ ਉਹ ਬੜੀ ਸਾਬਤ ਕਦਮੀ ਨਾਲ ਪੌੜੀ ਵੱਲ ਵਧਿਆ। ... ਪਰ ਇਸ ਤੋਂ ਪਹਿਲਾਂ ਕਿ ਓਹ ਪਹਿਲਾ ਡੰਡਾ ਚੜਦਾ ਫਿਰ ਓਹੀਓ ਰਾਮ ਲੀਲਾ। ....ਓਧਰੋਂ ਪਾਣੀ ਦੀਆਂ ਬੁਛਾਰਾਂ, ਇੱਧਰੋਂ ਬਾਕੀ ਦੇ ਸੱਤ ਜਣੇ ਓਸ ਦੇ ਦੁਆਲੇ I ਓਹ ਵਿਚਾਰਾ ਤਾਂ ਜਿਵੇਂ ਹੱਕਾ ਬੱਕਾ ਹੀ ਰਹਿ ਗਿਆ ਕਿ ਆਹ ਕੀ ਹੋ ਗਿਆ। ..... ਠੰਢਾ-ਠਾਰ ਹੋ ਕੇ ਓਹ ਧਿਆਨ ਮੁਦਰਾ ਚ ਚਲਾ ਗਿਆ, ਪੜਚੋਲ ਅਤੇ ਸਵੈ-ਪੜਚੋਲ ਲਈ .......ਆਖ਼ਰ ਗਿਆਨ ਪ੍ਰਾਪਤੀ ਹੋਈ ਕਿ ਗਤੀ ਤਾਂ ਹੀ ਐ, ਜੇ ਬਾਕੀ ਦੇ ਸੱਤ ਭਾਈਬੰਦਾਂ ਦੀ ਬਿਰਾਦਰੀ ਚ ਸ਼ਾਮਲ ਹੋ ਜਾਇਆ ਜਾਵੇ। ... ਹੋ ਗਿਆ ਓਹ ਵੀ ਉਨ੍ਹਾਂ ਵਿਚ ਸ਼ਾਮਲ।
------ ਵਾਰੀ ਵਾਰੀ, 'ਕੱਲਾ-'ਕੱਲਾ ਬਦਲਿਆ ਜਾਂਦਾ ਰਿਹਾ। ... ਓਹੀਓ ਰਾਮ ਲੀਲਾ ਦੁਹਰਾਈ ਜਾਂਦੀ ਰਹੀ। ... ਤੇ ਹਰ ਇੱਕ ਨਵਾਂ, ਪੁਰਾਣੀ ਢਾਣੀ ਦਾ ਜੋਟੀਦਾਰ ਬਣਦਾ ਰਿਹਾ। ... ਓਦੋਂ ਤੱਕ ਜਦ ਤੱਕ ਪਹਿਲਾਂ ਵਾਲੇ ਅੱਠਾਂ ਦੀ ਟੀਮ, ਨਵੇਂ ਅੱਠਾਂ ਦੀ ਟੀਮ ਚ ਨਹੀਂ ਬਦਲ ਗਈ ।
------ ਨਵੀਂ ਟੀਮ ਵੀ ਪਿਛਲੀ ਟੀਮ ਵਾਂਗ ਪੌੜੀ ਤੋਂ ਡਰਦੀ ਸੀ। ...ਕੇਲੇ ਹੁਣ ਵੀ ਛੱਤ ਨਾਲ ਲਟਕਦੇ ਸਨ , ਪੌੜੀ ਵੀ ਸੀ ਪਰ ਹਿੰਮਤ ਕਿੱਥੇ ? ਹੁਣ ਤੱਕ ਵੀ ਬਦਸਤੂਰ ਇਹੋ ਦਸਤੂਰ ਜਾਰੀ ਹੈ। .... ਕੋਈ ਨਹੀਂ, ਆਸ 'ਤੇ ਹੀ ਦੁਨਿਆ ਜਿਓਂਦੀ ਹੈ। ... ਕਦੇ ਨਾਂ ਕਦੇ ਤਾਂ ਇਨ੍ਹਾਂ ਦੀ ਵੀ ਸੁਣੀ ਜਾਊ। ... ਇਨ੍ਹਾਂ ਦੇ ਦਿਨ ਵੀ ਆਉਣਗੇ ਹੀ।
ਸਿਖਿਆ :- ਜੇ ਤੁਸੀਂ ਕਿਸੇ ਕਮਰੇ ਵਿਚ ਜਾਵੋਂ ਅਤੇ ਇਹ ਵੇਖੋਂ ਕੇ ਛੱਤ ਨਾਲ ਕੇਲੇ ਵੀ ਲਟਕ ਰਹੇ ਨੇ। ... ਉਨ੍ਹਾਂ ਤੱਕ ਪਹੁੰਚਣ ਵਾਸਤੇ ਪੌੜੀ ਵੀ ਹੈ ਤਾਂ ਇਹ ਸਮਝ ਲੈਣ ਦੀ ਜਲਦਬਾਜ਼ੀ ਨਾ ਕਰੋ ਕਿ ਕੇਲੇ ਹਾਸਲ ਕਰਨੇ ਇੰਨੇ ਹੀ ਸੌਖੇ ਹੋਣਗੇ । .... ਤੁਹਾਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਕਮਰੇ ਵਿਚ ਹੋਰ ਕੌਣ-ਕੌਣ ਹਨ ਅਤੇ ਜੇ ਓਹ ਚੁੱਪ ਚਾਪ ਬੈਠੇ ਹਨ ਤਾਂ ਕਿਓਂ। ... ਨਾਲੇ ਇਹ ਵੀ ਕਿ ਬੂਹੇ ਪਿਛੇ ਕੋਈ ਠੰਢੇ ਪਾਣੀ ਦੀ ਬਾਲਟੀ ਲੈ ਕੇ ਤਾਂ ਨਹੀਂ ਲੁਕਿਆ ਬੈਠਾ I #
No comments:
Post a Comment