ਪਾਤਰ-ਕਾਵਿ ਦੀ ਅੰਤਰ-ਯਾਤਰਾ*

ਇਹ ਇਵੇਂ ਐਵੇਂ ਕਿਵੇਂ?*
ਅਜਬ ਗੱਲ ਖਵਾਤੀਨ-ਓ-ਹਜ਼ਰਾਤ ਹੋਈ
ਇਹ ਗੱਲ ਕਿਸੇ ਸੂਰਤ ਵਿਚ ਵੀ ਗੁੱਝੀ ਨਹੀਂ ਰਹੀ ਕਿ...
ਕਮਾਲਿ-ਸ਼ਾਇਰੀ ਦੇਖੋ, ਆਲੋਚਕ ਸ਼ਾਇਰ ਹੋ ਗਿਆ
-ਬਖ਼ਸ਼ਿੰਦਰ-
      ਡਾਕਟਰ ਸਾਧੂ ਸਿੰਘ ਦੀ ਲਿਖੀ ਹੋਈ ਤੇ ਚੇਤਨ ਸ਼ਾਇਰ ਤੇ ਪ੍ਰਕਾਸ਼ਕ ਸਤੀਸ਼ ਗੁਲਾਟੀ ਵੱਲੋਂ ਪ੍ਰਕਾਸ਼ਤ ਇਹ ਪੁਸਤਕ ਉਸ ਸਮੇਂ ਪੜ੍ਹਨ ਦਾ ਇਤਫ਼ਾਕ ਹੋਇਆ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲ਼ੇ ਲੜਾਈ ਛਿੜਨ ਦੇ ਜ਼ਬਰਦਸਤ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ। ਅਜਿਹੇ (ਜੋ ਡਾ. ਸਾਧੂ ਸਿੰਘ ਲਈ ‘ਅਜੇਹੇ’ ਹਨ) ਸਮੇਂ ਦੌਰਾਨ ਇਸ ਕਿਤਾਬ ਦੀ ਅਹਿਮੀਅਤ ਹੋਰ ਵੀ ਵਧ ਗਈ ਲੱਗਦੀ ਹੈ ਕਿਉਂ ਕਿ ਸਾਧੂ ਸਿੰਘ ਨੇ ਇਸ ਕਿਤਾਬ ਵਿਚ, ਵਾਰ-ਵਾਰ ਸ਼ਬਦ ਬਦਲ-ਬਦਲ ਕੇ ਇਹ ਗੱਲ ਕਈ ਵਾਰ ਦੁਹਰਾਈ ਹੈ ਕਿ ‘ਸੁਰਜੀਤ ਪਾਤਰ ਅਤੇ ਸਾਧੂ ਸਿੰਘ ਆਪਸ ਵਿਚ ਬਹੁਤ ਹੀ ਗੂੜ੍ਹੇ ਤੇ ਪੁਰਾਣੇ ਦੋਸਤ ਹਨ।’ ਸੋ, ਦੋ ਮੁਲਕਾਂ ਦੀ ਪੁਰਾਣੀ ਦੁਸ਼ਮਣੀ ਦੇ ਇਸ ਦੌਰ ਵਿਚ, ਇਹ ਕਿਤਾਬ ਆਪਣੇ ‘ਪ੍ਰਵੇਸ਼ ਦੁਆਰ’ ਤੋਂ ਹੀ ਅਸਿੱਧੇ ਰੂਪ ਵਿਚ ਦੋਸਤੀ ਦੇ ਪ੍ਰਚਾਰ ਦਾ ਸਾਧਨ ਵੀ ਬਣ ਗਈ ਹੈ। ਇਸ ਕਿਤਾਬ ਦੇ ਆਰੰਭਕ ਲੇਖ ਵਿਚ ਹੀ ਲੇਖਕ ਨੇ ‘...ਤੇ ਜਿੱਥੋਂ ਤੀਕ “ਉਹਦੀ” (ਉਸ ਦੀ) ਸ਼ਾਇਰੀ ਦਾ ਸੁਆਲ ਹੈ, ਉਹ ਉਂਝ ਹੀ ਦੇਸ-ਪਰਦੇਸ ਦੀਆਂ ਹੱਦਾਂ ਟੱਪ ਚੁੱਕੀ ਹੈ’ ਲਿਖ ਕੇ ਪਾਠਕਾਂ ਦੇ ਮਨ ਵਿਚਲਾ ਆਖ਼ਰੀ ਸੰਸਾ ਵੀ ਮਿਟਾ ਦਿੱਤਾ ਕਿ ਇਹ ਕਿਤਾਬ, ‘ਪਾਤਰ-ਕਾਵਿ ਦੇ ਅੰਤਰ’ ਕੋਈ ਠੀਮ੍ਹ ਜਿਹੀ ਮਾਰ ਕੇ ਹਲਚਲ ਜਿਹੀ ਪੈਦਾ ਕਰੇਗੀ।
        ਭਾਵੇਂ ਲੇਖਕ ਨੇ ਇਹ ਵੀ ਸ਼ੁਰੂ ਵਿਚ ਹੀ ਸਪੱਸ਼ਟ ਕਰ ਦਿੱਤਾ ਹੈ, “ਪਰ ਜੇ ‘ਉਹਦੇ’ ਸ਼ਿਅਰ ਹੀ ਮੈਥੋਂ ਪਰਵਾਹਰੇ ਹੋ ਕੇ ਛਮਕਾਂ ਦਾ ਸਰੂਪ ਅਖ਼ਤਿਆਰ ਕਰ ਗਏ ਜਾਂ ਫਿਰ ‘ਉਹਦੇ’ ਗੀਤ ਦੀ ਕੋਈ ਸਤਰ ਮੂੰਹਜ਼ੋਰ ਹੋ ਕੇ ਮੁਖਬਰੀ ਕਰਨ ਤੇ ਉਤਾਰੂ ਹੋ ਗਈ ਤਾਂ ਮੈਥੋਂ ਖਾਹਮਖਾਹ ਦੀ ਢਾਲ ਬਣ ਆਪਣੇ ਮੋਹਵੰਤੇ ਸ਼ਾਇਰ ਦੀ ਧਿਰ ਬਣ ਕੇ ਪੱਖਪਾਤੀ ਹੋਣ ਦਾ ਪਾਪ ਵੀ ਨਹੀਂ ਕਰ ਹੋਣਾ।...” ਪਰ ਕਿਤਾਬ ਪੜ੍ਹ ਕੇ ਹੋਰ ਵੀ ਸਪੱਸ਼ਟ ਹੋ ਗਿਆ ਹੈ ਕਿ ਲੇਖਕ ਨੇ ਇਸ ਤਰ੍ਹਾਂ ਦੀ ਨੌਬਤ ‘ਜਾਣ-ਬੁੱਝ ਕੇ’ ਹੀ ਨਹੀਂ ਆਉਣ ਦਿੱਤੀ।
‘ਪਾਤਰ-ਕਾਵਿ ਦੀ “ਇਹ” ਅੰਤਰ ਯਾਤਰਾ’ ਸ਼ੁਰੂ ਕਰਦਿਆਂ ਹੀ ਪਾਠਕ ਨੂੰ ਇਹ ਕਿਤਾਬ ‘ਪੜ੍ਹਨੇ ਪਾਉਣ’ ਦਾ ਆਹਰ ਕਰਦਿਆਂ, ਲੇਖਕ ਨੇ ਜਿਹੜੇ ਸ਼ਿਅਰ ਛਾਂਟੇ ਹਨ, ਇੱਥੇ ਉਨ੍ਹਾਂ ਵਿਚੋਂ ਇੱਕੋ ਹੀ ਬੜਾ ਹੈ:
ਤੈਥੋਂ ਨਹੀਂ ਉੱਠਣੇ ਇਹ ਅੱਖਰ ਹੰਝੂਆਂ ਦੇ
ਰਹਿਣ ਦੇ ਤੂੰ ਵੱਡਿਆ ਵਿਦਵਾਨਾ ਛੱਡ ਪਰੇ     
ਇਸ ਤੋਂ ਅੱਗੇ, ਪਾਠਕ ਨੂੰ ਇਹ ਕਿਤਾਬ ਪੜ੍ਹ ਕੇ ਹੀ ਛੱਡਣ ਲਈ ਪ੍ਰੇਰਨ ਦਾ ਹੀਲਾ ਕਰਦਿਆਂ ਡਾ. ਸਾਧੂ ਸਿੰਘ ਏਦਾਂ ਫ਼ਰਮਾਉਂਦੇ ਹਨ, “...ਮੈਂ ਪਾਤਰ-ਕਾਵਿ ਦੀ ਵੰਝਲੀ/ ਬੰਸਰੀ ਦਾ ਖੁਰਾ ਨੱਪ ਕੇ ‘ਉਹਦੇ’ ਟਿਕਾਣੇ ਦਾ ਰਾਜ਼, ਜਿੰਨਾ ਵੀ ਹੋ ਸਕੇ, ਜਾਨਣ ਦਾ ਯਤਨ ਜ਼ਰੂਰ ਕਰਨਾ ਹੈ।” ਇਸ ਤੋਂ ਅੱਗੇ ਲੇਖਕ ਨੇ ਪਾਤਰ ਦੇ ਜਿਹੜੇ ਸ਼ਿਅਰਾਂ ਦਾ ਆਸਰਾ ਤੱਕਿਆ ਹੈ, ਉਨ੍ਹਾਂ ਵਿਚ ਇਹ ਵੀ ਦਰਜ ਹੈ:
 ਜਿਸ ਨਾਲ਼ੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ 
                 ਵੰਝਲੀ ਦੇ ਰੂਪ ਵਿਚ ਮੈਂ, ਉਸ ਜੰਗਲ ਦੀ ਚੀਕ ਹਾਂ
ਇਸ ਬਾਰੇ ਮੈਂ ਪਹਿਲਾਂ ਵੀ ਕਦੇ ਅਰਜ਼ ਕੀਤਾ ਸੀ ਕਿ ਵੰਝਲੀ ਵੰਝ (ਬਾਂਸ) ਨੂੰ ਜਾਂ ਜੰਗਲ ਨੂੰ “ਚੀਰ ਕੇ” ਨਹੀਂ ਬਣਦੀ, ਸਗੋਂ ਕੱਟ ਕੇ ਹੀ ਬਣਦੀ ਹੈ। ਇਹ ਸ਼ਿਅਰ ਡਾ. ਸਾਧੂ ਸਿੰਘ ਲਈ ਆਸਰਾ ਬਣਿਆ ਹੋਵੇਗਾ, ਮੈਨੂੰ ਇਸ ਬਾਰੇ ਯਕੀਨ ਨਹੀਂ ਹੈ। ਲੇਖਕ ਨੇ ਕਿਤਾਬ ਦੇ ਸ਼ੁਰੂ ਵਿਚ ਹੀ ਪਾਠਕ ਨੂੰ ਏਦਾਂ ਵੀ ਵੰਗਾਰਿਆ ਹੋਇਆ ਹੈ, “ਸ਼ੁਰੂ ਵਿਚ ਹੀ ਚੇਤਾਵਨੀ ਦੇਣੀ ‘ਉਚਿਤ’ ਹੈ ਕਿ ਨਿਰੇ ਸੈਰ-ਸਪਾਟੇ ਦੇ ਸ਼ੌਕੀਨ ਇਸ ਸਫ਼ਰ ਵਿਚ ਸ਼ਾਮਿਲ ਨਾ ਹੋਣ। ਜਿਸ ਕਿਸੇ ਨੂੰ ਵੀ ਆਪਣੀ ‘ਸਫ਼ੈਦਪੋਸ਼ੀ’ ਬਣਾਈ ਰੱਖਣ ਦਾ ਫ਼ਿਕਰ ਹੋਵੇ, ਉਹ ਮੇਰੇ (ਮੇਰਾ) ਹਮਸਫ਼ਰ ਬਣਨ ਦੀ ਖੇਚਲ ਨਾ ਹੀ ਕਰਨ (ਕਰੇ) ਤਾਂ ਚੰਗਾ।.....ਤਲਵਾਰ ਦੀ ਧਾਰ ’ਤੇ ਤੁਰਨ ‘ਜੇਹਾ’ ਹੈ ਅਗਲਾ ਪੰਧ। ਥੋੜ੍ਹੀ ਬਹੁਤੀ ਬੇਧਿਆਨੀ ਮੈਨੂੰ/ ਤੁਹਾਨੂੰ ਇਸ ਸ਼ਿਅਰ ਵਿਚਲੇ ਕਰੂਰ ਸੱਚ ਦੇ ਸਾਹਮਣੇ ਖਲ੍ਹਿਆਰ ਕੇ ਨਸ਼ਰ ਕਰ ਦੇਵੇਗੀ ਕਿ ਆਪਾਂ ਕਸਾਈਆਂ ਦੀ ਉਸ ਜਮਾਤ ਵਿਚ ਸ਼ਾਮਿਲ ਹਾਂ ਜੋ, 
                ਹਰੇਕ ਲਫ਼ਜ਼ ਨੂੰ ਕੱਟਦੇ ਨੇ ਇਉਂ ਕਿ ਰੱਤ ਨਿੱਕਲੇ
                ਤੇਰੇ ਕਲਾਮ ਨੂੰ ਕਿਆ ਖ਼ੂਬ ਨੁਕਤਾਚੀਨ ਮਿਲੇ।
ਡਾ. ਸਾਧੂ ਸਿੰਘ ਆਪਣੀ ਇਸ ਕਿਤਾਬ ਦਾ ‘ਪ੍ਰਵੇਸ਼ ਦੁਆਰ’ ਏਦਾਂ ਬੰਦ ਕਰਦੇ ਹਨ, “ਸਾਵਧਾਨ, ਕਿਉਂ ‘ਕਿ’ ਇਹ ਗੱਲ ਕਿਸੇ ਸੂਰਤ ਵਿਚ ਵੀ ਗੁੱਝੀ ਨਹੀਂ ਰਹਿਣੀ ਕਿ-
ਕਿੰਨੀ ਨੇ ਔਕਾਤ ਦੇ ਮਾਲਕ, ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ
ਪਾਰਖੂਆਂ ਵੀ ਪਰਖੇ ਜਾਣਾ, ਤੇਰੀ ਗ਼ਜ਼ਲ ਨੂੰ ਪਰਖਣ ਲੱਗਿਆਂ 
‘ਪਾਤਰ-ਕਾਵਿ ਦੀ ਅੰਤਰ-ਯਾਤਰਾ’ ਸਬੰਧੀ ਸੰਵਾਦ ਦੇ ਬਹਾਨੇ ਡਾ. ਸਾਧੂ ਸਿੰਘ ਆਪਣੇ ਗੁੱਝੇ ਏਜੰਡੇ ਦੀ ਬਾਤ ਪਾਈ ਜਾਂਦੇ ਹਨ, ਜਦੋਂ ਉਹ ਇਹ ਲਿਖਦੇ ਹਨ, “ਇਸ ਦਿਸ਼ਾ ਵਿਚ ਪੰਜਾਬ ਵਿਚ ਦਹਿਸ਼ਤਵਾਦ ਦੇ ਪੀਰ ਨੂੰ ਸਰਕਾਰੀ ਸ਼ਹਿ ਮਿਲਣ ਦੀ ਗੱਲ ਵੀ ਕੁਝ ਗੁੱਝੀ ਨਹੀਂ।...ਇਸ ਸਿਲਸਿਲੇ ਵਿਚ ਕੇਵਲ ਇੰਨੀ ਗੱਲ ਸਮਝਣੀ ਹੀ ਜ਼ਰੂਰੀ ਹੈ ਕਿ ਇਸ ਕੁਕਰਮ ਨੂੰ, ਜਿਸ ਨੇ ਅੰਦਰ ਦਾ ਭੇਤੀ ਹੋਣ ਕਾਰਨ ਬੜੀ ਚਤੁਰਾਈ ਨਾਲ਼ ਸਿਰੇ ਚੜ੍ਹਾਇਆ ਸੀ, ਉਹ ਵੀ ਵਿਰੋਧੀ ਸਰਕਾਰੀ ਧਿਰ ਦਾ ਗਿਆਨੀ, ਅੰਦਰੋਂ ਸਿੱਖ ਸਿਆਸਤਦਾਨ ਹੀ ਸੀ। ਦਰਅਸਲ ਇਵੇਂ ਆਖਣਾ ਵੀ ਓਪਰੀ ਨਜ਼ਰੇ ਆਉਣ ਵਾਲ਼ਾ ਸੱਚ ਹੀ ਹੈ। ਅਸਲੀਅਤਾਂ ਦੀ ਅਸਲੀਅਤ ਤਾਂ ਇਹ ਹੈ ਕਿ ਸਿਆਸਤ ਦਾ ਕੋਈ ਧਰਮ ਨਹੀਂ ਹੁੰਦਾ ਤੇ ਧਰਮ ਦੀ ਕੋਈ ਸਿਆਸਤ ਨਹੀਂ ਹੁੰਦੀ।”
ਇਸ ਕਿਤਾਬ ਦੇ ‘ਇਕਬਾਲ ਨਾਮਾ’ ਸਿਰਲੇਖ ਵਾਲ਼ੇ ਕਾਂਡ ਦੇ ਸ਼ੁਰੂ ਵਿਚ ਹੀ ਡਾ. ਸਾਧੂ ਸਿੰਘ ਨੇ ਏਦਾਂ ਲਿਖਿਆ ਹੋਇਆ ਹੈ, “ਸੁਰਜੀਤ ਪਾਤਰ ਆਪਣੇ ਕਵਿਤਵ ਤੇ ਕਵਿਤਾ ਦਾ ਸਭ ਤੋਂ ਵੱਧ ਕਠੋਰ ਆਲੋਚਕ ਹੈ।” ਜੇ ਇਹ ਗੱਲ ਸੱਚੀ ਹੈ ਤਾਂ ਫਿਰ ਇਹ ਕਿਤਾਬ ਲਿਖਣ ਦੀ ਲੋੜ ਹੀ ਨਹੀਂ ਸੀ। ਹਕੀਕਤ ਤਾਂ ਇਹ ਹੈ ਕਿ ਪਾਤਰ ਨੇ ਕਿਸੇ ਗੁੱਝੇ ਅਹਿਸਾਸ ਅਧੀਨ ਹੁਣ ਆਪਣੀਆਂ ਕੁੱਝ ਗ਼ਜ਼ਲਾਂ ਦੇ ਕੁੱਝ ਸ਼ਿਅਰ ਕਵੀ ਦਰਬਾਰਾਂ ਵਿਚ ਪੜ੍ਹਨੇ ਹੀ ਛੱਡੇ ਹੋਏ ਹਨ। ਮਿਸਾਲ ਦੇ ਤੌਰ ’ਤੇ ਹੁਣ ਉਹ,
   ਜੇ ਬਹੁਤ ਹੀ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ 
                   ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫ਼ਾਸਲਾ 
ਵਰਗਾ ਸ਼ਿਅਰ ਆਪ ਹੀ ਸੈਂਸਰ ਕਰ ਦਿੰਦਾ ਹੈ ਤੇ ਪੜ੍ਹ ਕੇ ਸ਼ਰਮਸਾਰ ਹੋਣੋਂ ਬਚ ਜਾਂਦਾ ਹੈ। ਸੁਰਜੀਤ ਪਾਤਰ ਨੂੰ ਆਪਣਾ ਲਿਖਿਆ ਹੋਇਆ ਇਹ ਸ਼ਿਅਰ: 
  ਝੀਲ ਵਿਚ ਸੁੱਟੀ ਤਾਂ ਪਲ ਵਿਚ ਡੁੱਬ ਗਈ ਭਾਰੀ ਕਿਤਾਬ  
                   ਉਸ ਵਿਚ ਸਨ ਦਰਜ ਭਵਜਲ ਤਰਨ ਦੇ ਸਾਰੇ ਹਿਸਾਬ
                                                  ਬਦਲ ਕੇ
                   ਝੀਲ ਵਿਚ ਸੁੱਟੀ ਤਾਂ ਡੁੱਬ ਹੀ ਜਾਏਗੀ ਹਰ ਇਕ ਕਿਤਾਬ
                   ਲਫ਼ਜ਼ ਯੁਗ ਯੁਗ ਤੀਕ ਸਾਂਭਣ ਦਿਲ ਦਰਿਆਵਾਂ ਦੀ ਆਬ
                                           ਕਿਉਂ ਕਰਨਾ ਪਿਆ?
                                                       ਜਾਂ
                   ਸਾਨੂੰ ਤਾਂ ਸ਼ੇਖ਼ ਫ਼ਰੀਦ ਬਿਨਾਂ, ਅੰਮ੍ਰਿਤ ਵੀ ਫਿੱਕਾ ਲੱਗਦਾ ਏ
                   ਸਾਨੂੰ ਤਾਂ ਸੰਤ ਕਬੀਰ ਬਿਨਾਂ, ਦੁਮੇਲ ਵੀ ਨਿੱਕਾ ਲੱਗਦਾ ਹੈ
                                         ਵਰਗਾ ਸ਼ਿਅਰ ਬਦਲ ਕੇ 
                   ਸਾਨੂੰ ਤਾਂ ਸ਼ੇਖ਼ ਫ਼ਰੀਦ ਬਿਨਾਂ, ਅਮਿਓਂ ਵੀ ਫਿੱਕਾ ਲੱਗਦਾ ਏ
                   ਸਾਨੂੰ ਤਾਂ ਸੰਤ ਕਬੀਰ ਬਿਨਾਂ, ਦੁਮੇਲ ਵੀ ਨਿੱਕਾ ਲੱਗਦਾ ਹੈ
                                             ਕਿਉਂ ਕਰਨਾ ਪਿਆ? 
                                                          ਜਾਂ 
                                                  ਉਸ ਦੇ ਸ਼ਿਅਰ
                       ਮੇਰਾ ਨਾ ਫ਼ਿਕਰ ਕਰੀਂ ਜੀਅ ਕੀਤਾ ਤਾਂ ਮੁੜ ਆਵੀਂ
                                    ਸਾਨੂੰ ਤਾਂ ਰੂਹਾਂ ਨੂੰ ਆਰਾਮ ਨਹੀਂ
ਦੇ ਦੋਹਾਂ ਮਿਸਰਿਆਂ ਦੀ ਆਪਸ ਵਿਚ ਕੀ ਰਿਸ਼ਤੇਦਾਰੀ ਹੈ? ਇਹ ਤੇ ਇਹੋ ਜਿਹੇ ਕਈ ਹੋਰ ਸੁਆਲਾਂ ਦੇ ਜੁਆਬ ਦੇਣ ਲਈ ਪਾਤਰ ਤਾਂ ਗ਼ੈਰਹਾਜ਼ਰ ਹੈ ਹੀ, ਡਾ. ਸਾਧੂ ਸਿੰਘ ਵੀ ਇਨ੍ਹਾਂ ਸੁਆਲਾਂ ਦੇ ਕੋਲੋਂ ਦੀ ਲੰਘ ਗਏ। ‘ਸੁਵਿਧਾ ਤੇ ਦੁਵਿਧਾ ਦੇ ਸ਼ਾਇਰ’ ਵਜੋਂ ਜਾਣੇ ਜਾਣ ਲੱਗ ਪਏ ਸੁਰਜੀਤ ਪਾਤਰ ਦੇ ਉਹਲੇ ਉਸ ਦੇ ਸ਼ਿਅਰਾਂ ਵਿਚ ਵੀ ਖੁੱਲ੍ਹਦੇ ਹਨ। ਇਸ ਸਿਲਸਿਲੇ ਵਿਚ ਉਸ ਦਾ ਇਹ ਸ਼ਿਅਰ ਦੇਖਿਆ ਜਾ ਸਕਦਾ ਹੈ:  
                       ਖੋਲ੍ਹ ਦਿੰਦਾ ਜੇ ਤੂੰ ਦਿਲ ਲਫ਼ਜ਼ਾਂ ਵਿਚ ਯਾਰਾਂ ਦੇ ਨਾਲ਼
                       ਖੋਲ੍ਹਣਾ ਪੈਂਦਾ ਨ ਏਦਾਂ ਅੱਜ ਔਜ਼ਾਰਾਂ ਦੇ ਨਾਲ਼

      ਪਾਤਰ ਦੇ ਲਫ਼ਜ਼ ਤਾਂ ‘ਸਾਊ ਬੜੇ ਨੇ’ ਪਰ ‘ਜਜ਼ਬਾਤ’ ਸਾਊ ਨਹੀਂ ਹਨ ਤਾਂ ਹੀ ਉਹ ਰੱਬ ਅੱਗੇ ਇਹ ਦੁਆ ਕਰਦਾ ਹੈ, “ਯਾ ਖ਼ੁਦਾ ਬਣਿਆ ਰਹੇ ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫ਼ਾਸਲਾ” ਜੇ ਯਕੀਨ ਨਾ ਆਵੇ ਤਾਂ ਉਸ ਦਾ ਇਹ ਕਾਵਿਕ ਬਿਆਨ ਪੜ੍ਹ ਲਓ:
                          ਲਫ਼ਜ਼ ਤਾਂ ਸਾਊ ਬੜੇ ਨੇ ਯਾ ਖ਼ੁਦਾ ਬਣਿਆ ਰਹੇ
                          ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫ਼ਾਸਲਾ

      ਆਪਣੀ ਪਰਦਾਦਾਰੀ ਨੂੰ ਸਹੀ ਤੇ ਖ਼ਰੀ ਸਾਬਤ ਕਰਨ ਲਈ ਪਾਤਰ ਸ਼ਬਦ ਉੱਤੇ ਦੋਸ਼ ਲਾਉਣੋਂ ਵੀ ਨਹੀਂ ਜਕਿਆ, ਜਦੋਂ ਉਹ ਇੱਥੋਂ ਤਕ ਲਿਖ ਗਿਆ:
                           ਇਸ ਤਰ੍ਹਾਂ ਜਾਲ ਜਿਹਾ ਬੁਣਦੀ ਏ ਪਰਦਾਦਾਰੀ
                           ਅਰਥ ਨੂੰ ਸ਼ਬਦ ਨਿਗਲ ਜਾਂਦਾ ਏ ਹੌਲ਼ੀ ਹੌਲ਼ੀ
ਪਾਤਰ ਨੇ ਤਾਂ ‘ਅੰਮ੍ਰਿਤ(ਾ)’ ਹਾਸਲ ਕਰਨ ਦੇ ਹੀਲੇ ਕਰਦਿਆਂ ਆਪਣੀ ਸ਼ਾਇਰੀ ਵਿਚ ਪੱਥਰ ’ਤੇ ਲੀਕ ਵਰਗਾ ਸਰਬਵਿਆਪਕ ਸੱਚ ਵੀ ਪਿਘਲਾਅ ਕੇ ਰੱਖ ਦਿੱਤਾ ਦਿੱਤਾ ਤੇ ਇਹ ਲਿਖ ਸੁੱਟਿਆ ਹੈ:
                            ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ
                            ਪਾਣੀ ਨੇ ਮੇਰੇ ਗੀਤ, ਮੈਂ ਪਾਣੀ ’ਤੇ ਲੀਕ ਹਾਂ
ਮੈਂ ਇਸ ਕਿਤਾਬ ਵਿਚੋਂ ਇਸ ਸੁਆਲ ਦਾ ਜੁਆਬ ਲੱਭਦਾ ਹੀ ਰਹਿ ਗਿਆ ਕਿ ਪਾਤਰ ਨੇ 
                            ਜਦ ਹਵਾ ਝੁੱਲੇਗੀ ਤੇਰੇ ਸ਼ਹਿਰ ਵਿਚ ਤੇਰੇ ਖ਼ਿਲਾਫ਼
                            ਰੁੱਖ ਤੇਰੇ ਵਿਹੜੇ ਦਾ ਵੀ ਸਭ ਨਾਲ਼ ਰਲ਼ ਜਾਏਗਾ
ਵਰਗੇ ਸ਼ਿਅਰ ਵਿਚ “ਜਦ ਹਵਾ ਝੁੱਲੇਗੀ ਤੇਰੇ ਸ਼ਹਿਰ ਵਿਚ ਤੇਰੇ ਖ਼ਿਲਾਫ਼, ਰੁੱਖ ਤੇਰੇ ਵਿਹੜੇ ਦਾ ਕਿਸ ਨਾਲ਼ ਰਲ ਜਾਏਗਾ” ਲਿਖਿਆ ਹੈ? ਚਲੋ, ਮੰਨ ਲੈਂਦੇ ਹਾਂ ਕਿ ਉਸ ਨੇ ਸਭ ਨਾਲ਼ ਰਲ ਜਾਏਗਾ’ ਲਿਖਿਆ ਹੈ ਤਾਂ ਕੀ ਉਹ ਆਪ ਉਸ ਸਭ ਨਾਲ਼ੋਂ ਵੱਖਰਾ ਹੈ? ਡਾਕਟਰ ਸਾਧੂ ਸਿੰਘ ਨੂੰ ਚਾਹੀਦਾ ਸੀ ਕਿ ਉਹ ਇਸ ਬਾਰੇ ਪਤਾ ਕਰ ਕੇ ਆਪਣੀ ਪੁਸਤਕ ਦੇ ਪਾਠਕਾਂ ਨੂੰ ਦੱਸ ਦਿੰਦੇ।
ਬਹੁਤ ਹੀ ਸਾਊ ਸ਼ਬਦਾਂ ਵਾਲ਼ਾ ਸ਼ਾਇਰ ਇਸ ਸ਼ਿਅਰ: 
                              ਹੈ ਬਹੁਤ ਉੱਚਾ ਸਦਾਚਾਰ ਦਾ ਗੁੰਬਦ ਫਿਰ ਵੀ
                              ਡੁੱਬ ਹੀ ਜਾਂਦਾ ਏ ਜਦ ਮਨ ’ਚ ਉਛਾਲ ਆਉਂਦਾ ਏ
ਵਿਚ ਕਿੰਨੀ ਬਦਮਾਸ਼ੀ ਕਰ ਗਿਆ ਹੈ, ਇਹ ਗੱਲ ਵੀ ਡਾ. ਸਾਧੂ ਸਿੰਘ ਨੇ ਨਿਤਾਰਨੀ ਸੀ, ਪਰ ਉਹ ਨਿਤਾਰਦੇ ਕਿੱਦਾਂ ਉਨ੍ਹਾਂ ਨੇ ਤਾਂ ਸ਼ਾਇਰ ਦਾ ਦੋਸਤ ਹੋਣ ਦਾ ਚੇਤਾ ਘੜੀ-ਮੁੜੀ ਇਸ ਪੁਸਤਕ ਦੇ ਪਾਠਕਾਂ ਨੂੰ ਕਰਾਇਆ ਹੋਇਆ ਹੈ, ਜਿਸ ਕਰ ਕੇ ਉਹ ਇਸ ਕਿਤਾਬ ਵਿਚ ਆਲੋਚਕ ਜਾਂ ਸਮੀਖਿਅਕ ਘੱਟ, ਪਰ ਪਾਤਰ ਦੇ ਵਕੀਲਿ-ਸਫ਼ਾਈ ਬਹੁਤੇ ਲੱਗਦੇ ਰਹੇ।#
--------
*ਇਸ ਲੇਖ ਦੀ ਸਜਾਵਟ 'ਜਾਣ-ਬੁੱਝ' ਕੇ ਹੀ ਖ਼ਬਰ ਦੀ ਸਜਾਵਟ ਵਰਗੀ ਕੀਤੀ ਗਈ ਹੈ।-ਸੰਪਾਦਕ

No comments:

Post a Comment